Punjabi Essay, Story on “Guru Jot ate Dhari”, “ਗੁਰ-ਜੋਤ ਅੱਗੇ ਧਰੀ” for Class 6, 7, 8, 9, 10 and Class 12 ,B.A Students and Competitive Examinations.

ਗੁਰਜੋਤ ਅੱਗੇ ਧਰੀ

Guru Jot ate Dhari

ਬਾਬਾ ਰਾਮ ਰਾਇ ਜੀ ਦਿੱਲੀ ਹੀ ਸਨ, ਜਦੋਂ ਉਨਾਂ ਨੂੰ ਗੁਰੂ ਹਰਿ ਰਾਇ ਜੀ ਦਾ ਪੱਤਰ ਮਿਲਿਆਂ। ਉਸ ਪੱਤਰ ਵਿਚ ਲਿਖਿਆ ਸੀ, ‘ਤੂੰ ਮੇਰੇ ਮੱਥੇ ਨਹੀਂ ਲੱਗਣਾ ਕਿਉਂਕਿ ਤੂੰ ਬਾਦਸ਼ਾਹ ਨੂੰ ਖ਼ੁਸ਼ ਕਰਨ ਲਈ ਗੁਰੂ ਨਾਨਕ ਦੀ ਸੱਚੀ ਬਾਣੀ ਬਦਲ ਦਿੱਤੀ ਹੈ। ਤੂੰ ਧਨ ਅਤੇ ਵਡਿਆਈ ਦੇ ਲਾਲਚ ਵਿਚ ਫਸ ਕੇ ਸੱਚ ਨੂੰ ਤਿਆਗ ਦਿੱਤਾ ਤੇ ਝੂਠ ਦਾ ਆਸਰਾ ਲੈ ਲਿਆ। ਤੈਨੂੰ ਗੁਰੂ-ਘਰ ਦੀਆਂ ਸ਼ਕਤੀਆਂ ਦੇ ਕੇ ਦਿੱਲੀ ਭੇਜਿਆ ਸੀ ਤਾਂ ਜੁ ਤੂੰ ਔਰੰਗਜ਼ੇਬ ਨੂੰ ਸੱਚਾ ਰਸਤਾ ਦਿਖਾਵੇਂ ਨਾਕਿ ਤੂੰ ਆਪ ਹੀ ਝੂਠ ਅਪਣਾ ਲਵੇਂ। ਹੁਣ ਤੂੰ ਇਸ ਯੋਗ ਨਹੀਂ ਰਿਹਾ ਕਿ ਗੁਰੂ ਨਾਨਕ ਦੇ ਸੱਚੇ ਅਸੂਲਾਂ ਦੀ ਰਾਖੀ ਕਰ ਸਕੇ ਤੇ ਉਨਾਂ ਦਾ ਪ੍ਰਚਾਰ ਕਰ ਸਕੇ।

ਬਾਬਾ ਰਾਮ ਰਾਇ ਨੂੰ ਚਿੱਠੀ ਪੜ੍ਹ ਕੇ ਬਹੁਤ ਪਛਤਾਵਾ ਹੋਇਆ। ਉਨ੍ਹਾਂ ਨੇ ਗੁਰੂ ਨੂੰ ਮਿਲ ਕੇ ਭੁੱਲ ਬਖ਼ਸ਼ਾਉਣ ਜੋ ਵਿਚਾਰ ਨਾਲ ਕੀਰਤਪੁਰ ਦੇ ਨੇੜੇ ਪੁੱਜ ਕੇ ਗੁਰੂ ਜੀ ਨੂੰ ਪੱਤਰ ਲਿਖਿਆ। ਗੁਰੂ ਜੀ ਨੇ ਉਸਦੇ ਉੱਤਰ ਵਿੱਚ ਲਿਖਿਆ, “ਜਿਸ ਪਾਸੇ ਤੇਰਾ ਮੁੰਹ ਹੈ, ਉਸ ਪਾਸੇ ਚਲਾ ਜਾ। ਮੇਰੇ ਪਾਸ ਤੈਨੂੰ ਆਉਣ ਦੀ ਲੋੜ ਨਹੀਂ । ਜਦੋਂ ਬਾਬਾ ਰਾਮ ਰਾਇ ਨੂੰ ਗੁਰੂ ਜੀ ਦਾ ਪੱਤਰ ਮਿਲਿਆ, ਉਨ੍ਹਾਂ ਦਾ ਮੁੰਹ ਲਾਹੌਰ ਵੱਲ ਨੂੰ ਸੀ। ਇਸ ਤਰ੍ਹਾਂ ਉਹ ਲਾਹੌਰ ਨੂੰ ਚਲੇ ਗਏ । ਗੁਰੂ ਜੀ ਨੇ ਲਾਹੌਰ ਦੀ ਸੰਗਤ ਨੂੰ ਲਿਖ ਭੇਜਿਆ, “ਰਾਮ ਰਾਇ ਨੂੰ ਕੋਈ ਵੀ ਸਿੱਖ ਪੈਸਾ ਭੇਟਾ ਨਾ ਦੇਵੇ। ਬਾਬਾ ਰਾਮ ਰਾਇ ਨੇ ਲਾਹੌਰ ਦੀ ਸੰਗਤ ਨੂੰ ਕਿਹਾ, “ਗਰ ਨੇ ਸਿੱਖਾਂ ਨੂੰ ਪੈਸਾ ਦੇਣ ਤੋਂ ਰੋਕਿਆ ਹੈ, ਤੁਸੀਂ ਮੋਹਰਾਂ ਦੇ ਦੇਵੋ। ਬਾਬਾ ਰਾਮ ਰਾਇ ਦਾ ਇਸ ਤਰ੍ਹਾਂ ਦਾ ਰਵੱਈਆ ਸੁਣ ਕੇ ਗੁਰੂ ਜੀ ਨੇ ਮੁਖੀ ਸਿੱਖਾਂ ਤੇ ਮਸੰਦਾਂ ਨੂੰ ਪੱਤਰ ਲਿਖ ਦਿੱਤੇ, “ਕੋਈ ਵੀ ਸਿੱਖ ਰਾਮ ਰਾਇ ਨੂੰ ਮੂੰਹ ਨਾ ਲਗਾਵੇ ਤੇ ਨਾ ਹੀ ਕੋਈ ਸਿੱਖ ਇਸ ਨੂੰ ਭੇਟਾ ਦੇਵੇ। ਇਸ ਨੇ ਗੁਰੂ ਨਾਨਕ ਦੀ ਸੱਚੀ ਬਾਣੀ, ਬਾਦਸ਼ਾਹ ਨੂੰ ਖ਼ੁਸ਼ ਕਰਨ ਲਈ ਬਦਲੀ ਹੈ।“ ਬਾਬਾ ਰਾਮ ਰਾਇ ਨੂੰ ਜਦੋਂ ਇਸ ਹੁਕਮਨਾਮੇ ਦਾ ਪਤਾ ਲੱਗਾ ਤਾਂ ਉਸਨੇ ਕਰਤਾਰਪੁਰ ਤੋਂ ਆਪਣੇ ਤਾਏ ਧੀਰ ਮੱਲ ਨੂੰ ਗੁਰੂ ਜੀ ਪਾਸੋਂ ਭੁੱਲ ਬਖ਼ਸ਼ਾਉਣ ਲਈ ਭੇਜਿਆ। ਗੁਰੂ ਜੀ ਨੇ ਧੀਰ ਮੱਲ ਨੂੰ ਕਿਹਾ, “ਜਿਸ ਨੇ ਗੁਰੂ ਨਾਨਕ ਦੀ ਸੱਚੀ ਬਾਣੀ ਨੂੰ ਬਦਲ ਦਿੱਤਾ ਹੋਵੇ, ਉਸਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।

ਗੁਰੂ ਹਰਿ ਰਾਇ ਜੀ ਨੇ ਜੋਤੀ ਜੋਤਿ ਸਮਾਉਣ ਦਾ ਸਮਾਂ ਨੇੜੇ ਆਇਆ ਦੇਖ ਕੇ , ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦੇਣ ਦਾ ਪ੍ਰੋਗਰਾਮ ਬਣਾ, ਮੁਖੀ ਸਿੱਖਾਂ ਤੇ ਮਸੰਦਾਂ ਨੂੰ ਹੁਕਮਨਾਮੇ ਭੇਜ ਕੇ ਕੀਰਤਪੁਰ ਬੁਲਾ ਲਿਆ। ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਪਿੱਛੋਂ ਉਨ੍ਹਾਂ ਨੇ ਸੰਗਤ ਨੂੰ ਸੰਬੋਧਨ ਕਰ ਕੇ ਕਿਹਾ, “ਗੁਰੁ ਕੋਈ ਸਰੀਰ ਨਹੀਂ। ਗੁਰੂ ਜੋਤ ਹੈ। ਅੱਜ ਤੋਂ ਉਹ ਜੋਤ ਮੈਂ ਸ੍ਰੀ ਹਰਿਕ੍ਰਿਸ਼ਨ ਜੀ ਦੇ ਵਿਚ ਰੱਖ ਰਿਹਾ ਹਾਂ । ਉਸ ਪਿੱਛੋਂ ਉਨ੍ਹਾਂ ਆਪਣੇ ਛੋਟੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰ-ਗੱਦੀ ਉੱਪਰ ਬਿਠਾ ਦਿੱਤਾ, ਜਿਨ੍ਹਾਂ ਦੀ ਉਮਰ ਸਿਰਫ਼ ਪੰਜ ਸਾਲਾਂ ਦੀ ਸੀ। ਗੁਰੂ ਹਰਿ ਰਾਇ ਜੀ ਨੇ ਉਨ੍ਹਾਂ ਅੱਗੇ ਮੱਥਾ ਟੇਕ ਕੇ ਚੌਰ ਕਰਨ ਵਾਲੇ ਸੇਵਾਦਾਰ ਨੂੰ ਕਿਹਾ, “ਅੱਜ ਤੋਂ ਚੌਰ ਇਨ੍ਹਾਂ ਉੱਪਰ ਕਰਨੀ ਹੈ। ਗੁਰ-ਗੱਦੀ ਦੀ ਬਾਕੀ ਮਰਯਾਦਾ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਗੁਰਦਿੱਤਾ ਜੀ ਨੇ ਨਿਭਾਈ। ਉਸ ਪਿੱਛੋਂ ਸਾਰੀ ਸੰਗਤ ਨੇ ਗੁਰੂ ਹਰਿ ਰਾਇ ਜੀ ਦਾ ਹੁਕਮ ਮੰਨਦੇ ਹੋਏ, ਗੁਰੂ ਹਰਿਕ੍ਰਿਸ਼ਨ ਜੀ ਅੱਗੇ ਆਪਣੀਆਂ ਭੇਟਾਵਾਂ ਅਰਪਣ ਕਰਦੇ ਹੋਏ ਮੱਥਾ ਟੇਕਿਆ ਤੇ ਉਨ੍ਹਾਂ ਨੂੰ ਗੁਰੂ ਮੰਨ ਕੇ ਪੂਰਾ ਸਤਿਕਾਰ ਦਿੱਤਾ। ਗੁਰੂ ਹਰਿ ਰਾਇ ਜੀ ਗੁਰ-ਗੱਦੀ ਦੀ ਜ਼ਿੰਮੇਵਾਰੀ ਸੌਂਪ ਦੇਣ ਪਿੱਛੋਂ 6 ਅਕਤੂਬਰ, 1661 ਈਸਵੀ ਨੂੰ ਜੋਤੀ ਜੋਤ ਸਮਾ ਗਏ । ਉਨ੍ਹਾਂ ਦਾ ਸਸਕਾਰ ਪਤਾਲਪੁਰੀ ਕੀਤਾ ਗਿਆ। ਤੀਜੇ ਦਿਨ ਜਦੋਂ ਚਿਖ਼ਾ ਦੀ ਰਾਖ਼ ਚੁੱਕਣ ਲੱਗੇ ਤਾਂ ਸਭ ਦੇਖ ਕੇ ਹੈਰਾਨ ਹੋ ਗਏ ਕਿ ਉਸ ਵਿਚ ਫੁੱਲ ਨਹੀਂ ਸਨ।

Leave a Reply