ਗੀਤਾ ਦਾ ਵਿਆਖਿਆਨ
Gita da Viyakhyan
ਔਰੰਗਜ਼ੇਬ 1662 ਈਸਵੀ ਵਿਚ ਬਹੁਤ ਬੀਮਾਰ ਹੋ ਗਿਆ। ਉਸਦੇ ਠੀਕ ਹੋਣ ‘ਤੇ ਉਸਦੇ ਹਕੀਮਾਂ ਨੇ ਉਸਨੂੰ ਗਰਮੀਆਂ ਵਿਚ ਕਸ਼ਮੀਰ ਜਾ ਕੇ ਆਰਾਮ ਕਰਨ ਦੀ ਸਲਾਹ ਦਿੱਤੀ। 8 ਦਸੰਬਰ , 1662 ਈਸਵੀ ਨੂੰ ਉਹ ਦਿੱਲੀ ਤੋਂ ਚੱਲ ਕੇ 8 ਫ਼ਰਵਰੀ, 1663 ਈਸਵੀ ਨੂੰ ਲਾਹੌਰ ਪੁੱਜਿਆ। ਢਾਈ ਤਿੰਨ ਮਹੀਨੇ ਉਹ ਲਾਹੌਰ ਰੁਕਿਆ। ਉਸ ਸਮੇਂ ਦੌਰਾਨ ਉਸਨੇ ਦੇਖ ਲਿਆ ਕਿ ਕਿਵੇਂ ਸਿੱਖਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾਂਦੀ ਸੀ। ਛੋਟੀ ਉਮਰ ਦੇ ਗੁਰੂ ਹੋਣ ਤੇ ਵੀ ਸਿੱਖਾਂ ਦੀ ਸ਼ਰਧਾ ਗੁਰੂ ਵਲੋਂ ਘਟੀ ਨਹੀਂ ਸੀ। ਇਹ ਸਭ ਕੁਝ ਉਸਦੀ ਮਨਸ਼ਾ ਦੇ ਉਲਟ ਹੋ ਰਿਹਾ ਸੀ। ਸਿੱਖਾਂ ਦੇ ਨਾਲ ਮੁਸਲਮਾਨ ਫ਼ਕੀਰ ਵੀ ਗੁਰੂ ਦੇ ਸ਼ਰਧਾਲ ਬਣਦੇ ਜਾ ਰਹੇ ਸਨ। ਗੁਰੂ-ਘਰ ਦੀਆਂ ਕਰਾਮਾਤਾਂ ਤਾਂ ਉਹ ਪਹਿਲਾਂ ਹੀ ਬਾਬਾ ਰਾਮ ਰਾਇ ਪਾਸੋਂ ਦੇਖ ਚੁਕਿਆ ਸੀ। ਹੁਣ ਉਹ ਗੁਰੂ ਨੂੰ ਮਿਲ ਕੇ ਦੇਖਣਾ ਚਾਹੁੰਦਾ ਸੀ ਕਿ ਉਨ੍ਹਾਂ ਪਾਸ ਕਿਹੜਾ ਅਦੁੱਤੀ ਗੁਣ ਸੀ, ਜਿਸਦੇ ਕਾਰਨ ਜਨਤਾ ਉਨ੍ਹਾਂ ਵੱਲ ਖਿੱਚੀ ਚਲੀ ਜਾਂਦੀ ਸੀ ਅਤੇ ਕਰਾਮਾਤੀ ਬਾਬਾ ਰਾਮ ਰਾਇ ਵੱਲ ਕੋਈ ਸਿੱਖ ਮੁੰਹ ਨਹੀਂ ਸੀ ਕਰਦਾ।
ਔਰੰਗਜ਼ੇਬ ਕਸ਼ਮੀਰ ਦਾ ਦੌਰਾ ਪੂਰਾ ਕਰ ਕੇ 19 ਜਨਵਰੀ, 1664 ਈਸਵੀ ਨੂੰ ਵਾਪਸ ਦਿੱਲੀ ਪੁੱਜਿਆ। ਦਿੱਲੀ ਪੁੱਜ ਕੇ ਉਸਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ, “ਸਿੱਖਾਂ ਦੇ ਗੁਰੂ ਹਰਿਕ੍ਰਿਸ਼ਨ ਨੂੰ ਦਿੱਲੀ ਆਉਣ ਲਈ ਸੱਦਾ ਭੇਜੋ। ਮਿਰਜ਼ਾ ਰਾਜਾ ਜੈ ਸਿੰਘ ਗੁਰੂ-ਘਰ ਦਾ ਬਹੁਤ ਸ਼ਰਧਾਲੂ ਸੀ। ਉਸਨੇ ਆਪਣੇ ਦੀਵਾਨ ਪਰਸ ਰਾਮ ਨੂੰ ਪੰਜਾਹ ਘੋੜ-ਸਵਾਰ ਦੇ ਕੇ ਕੀਰਤਪੁਰ ਤੋਂ ਗੁਰੂ ਜੀ ਨੂੰ ਨਾਲ ਲੈ ਕੇ ਆਉਣ ਲਈ ਭੇਜਿਆ। ਦੀਵਾਨ ਪਰਸ ਰਾਮ ਨੇ ਕੀਰਤਪੁਰ ਪੁੱਜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ, “ਆਪ ਨੂੰ ਮਿਰਜ਼ਾ ਰਾਜਾ ਜੈ ਸਿੰਘ ਨੇ ਦਿੱਲੀ ਪੁੱਜ ਕੇ ਦਰਸ਼ਨ ਦੇਣ ਦੀ ਅਰਜ਼ ਕੀਤੀ ਹੈ। ਗੁਰੂ ਜੀ ਸਿੱਖ ਦੀ ਬੇਨਤੀ ਪ੍ਰਵਾਨ ਕਰ ਕੇ ਦਿੱਲੀ ਜਾਣ ਲਈ ਤਿਆਰ ਹੋ ਗਏ। ਉਨ੍ਹਾਂ ਨੇ ਦੀਵਾਨ ਪਰਸ ਰਾਮ ਨੂੰ ਦਿੱਲੀ ਨੂੰ ਚੱਲਣ ਤੋਂ ਪਹਿਲਾਂ ਦੱਸ ਦਿੱਤਾ, “ਮੈਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਇਹ ਮੇਰੇ ਗੁਰੂ ਪਿਤਾ ਦਾ ਹੁਕਮ ਹੈ, ਜਿਹੜਾ ਮੈਂ ਹਰ ਤਰ੍ਹਾਂ ਨਿਭਾਵਾਂਗਾ।”
ਬਸੰਤ ਵਾਲੇ ਦਿਨ, ਗੁਰੂ ਜੀ ਬਾਈ ਸੌ ਸ਼ਸਤਰਧਾਰੀ ਘੋੜ-ਅਸਵਾਰਾਂ ਨਾਲ ਕੀਰਤਪੁਰ ਤੋਂ ਦਿੱਲੀ ਨੂੰ ਚਲ ਪਏ । ਕੀਰਤਪੁਰ ਤੋਂ ਚਲ ਕੇ ਰਸਤੇ ਵਿਚ ਪੜਾਅ ਕਰਦੇ ਹੋਏ ਗੁਰੂ ਜੀ ਅੰਬਾਲਾ ਦੇ ਨੇੜੇ ਪੰਜੋਖੜਾ ਪੁੱਜੇ, ਜਿੱਥੇ ਇੱਕ ਬਾਹਮਣ ਲਾਲ ਚੰਦ ਨੇ ਇੱਕ ਸਿੱਖ ਨੂੰ ਪੁੱਛਿਆ, “ਇਹ ਕਿਹੜੇ ਮਹਾਰਾਜੇ ਦੀ ਸਵਾਰੀ ਜਾ ਰਹੀ ਹੈ ?” ਉਸ ਸਿੱਖ ਨੇ ਉੱਤਰ ਦਿੱਤਾ, “ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਆਪਣੇ ਸਿੱਖਾਂ ਨੂੰ ਦਰਸ਼ਨ ਦੇਣ ਜਾ ਰਹੇ ਹਨ। ਉਸ ਬਾਹਮਣ ਨੇ ਕਿਹਾ, “ਨਾਂ ਤਾਂ ਕ੍ਰਿਸ਼ਨ ਕੋਈ ਵੀ ਧਰ ਸਕਦਾ ਹੈ। ਕੀ ਉਸ ਵਿਚ ਕ੍ਰਿਸ਼ਨ ਵਰਗੇ ਗੁਣ ਹਨ? ਸਿੱਖ ਉਸ ਬਾਹਮਣ ਨੂੰ ਗੁਰੂ ਜੀ ਪਾਸ ਲੈ ਗਿਆ।
ਉਸ ਬਾਹਮਣ ਨੇ ਗੁਰੂ ਜੀ ਨੂੰ ਕਿਹਾ, “ਨਾਂ ਤਾਂ ਤੁਸੀਂ ਕਿਸ਼ਨ ਰਖ ਲਿਆ, ਜਿਸਨੇ ਗੀਤਾ ਉਚਾਰੀ ਸੀ। ਕੀ ਤੁਸੀਂ ਗੀਤਾ ਦੇ ਕਿਸੇ ਇੱਕ ਸਲੋਕ ਦਾ ਅਰਥ ਦੱਸ ਸਕਦੇ ਹੋ ?” ਗੁਰੂ ਜੀ ਨੇ ਉਸਨੂੰ ਕਿਹਾ, “ਜੇ ਮੈਂ ਅਰਥ ਦੱਸ ਦਿੱਤੇ, ਫਿਰ ਵੀ ਤੇਰੀ ਤਸੱਲੀ ਨਹੀਂ ਹੋਣੀ। ਜੇ ਤੂੰ ਗੁਰੂ ਨਾਨਕ ਦੇ ਘਰ ਦੀ ਬਰਕਤ ਦੇਖਣੀ ਹੈ ਤਾਂ ਨਗਰ ਵਿੱਚੋਂ ਕਿਸੇ ਨੂੰ ਵੀ ਲੈ ਆ। ਉਹ ਤੇਰੇ ਸਵਾਲਾਂ ਦੇ ਉੱਤਰ ਦੇ ਦੇਵੇਗਾ। ਬਾਹਮਣ ਨਗਰ ਵਿੱਚੋਂ ਛੱਜੂ ਨਾਂ ਦੇ ਇੱਕ ਅਨਪੜ ਸਿੱਧੇ-ਸਾਦੇ ਝਿਉਰ ਨੂੰ ਨਾਲ ਲੈ ਆਇਆ। ਗੁਰੂ ਜੀ ਦੀ ਮਿਹਰ ਨਾਲ ਛੱਜੂ ਨੇ ਇੱਕ ਵਿਦਵਾਨ । ਦੀ ਤਰ੍ਹਾਂ ਬਾਹਮਣ ਦੇ ਸਵਾਲਾਂ ਦੇ ਉੱਤਰ ਦਿੱਤੇ ਤੇ ਗੀਤਾ ਦੇ ਸਲੋਕਾਂ ਦੇ ਅਰਥ ਦੱਸੇ। ਬਾਹਮਣ ਇਹ ਕੌਤਕ । ਦੇਖ ਕੇ ਗੁਰੂ ਜੀ ਦੇ ਚਰਨੀਂ ਪੈ ਗਿਆ ਤੇ ਗੁਰੂ ਦਾ ਸਿੱਖ ਬਣਿਆ।