ਔਰੰਗਜ਼ੇਬ ਦਾ ਸੱਦਾ
Aurangzeb da Sadda
ਔਰੰਗਜ਼ੇਬ ਨੇ ਆਪਣੇ ਤਿੰਨਾਂ ਭਰਾਵਾਂ, ਦਾਰਾ ਸ਼ਿਕੋਹ ਦੇ ਦੋਵੇਂ ਪੁੱਤਰਾਂ ਤੇ ਆਪਣੇ ਸੱਤ ਸਾਲ ਦੇ ਪੁੱਤਰ ਬਹਾਦਰ ਸ਼ਾਹ ਨੂੰ ਛੱਡ ਕੇ, ਵੱਡੇ ਦੋਵੇਂ ਪੁੱਤਰਾਂ ਨੂੰ ਖਤਮ ਕਰ ਦਿੱਤਾ ਤਾਂ ਜੋ ਕੋਈ ਰਾਜ ਪ੍ਰਾਪਤ ਕਰਨ ਲਈ ਬਗਾਵਤ ਨਾ ਕਰੋ। ਉਸਨੇ ਰਾਜ ਦੇ ਦਾਅਵੇਦਾਰਾਂ ਵਲੋਂ ਬੇਫਿਕਰ ਹੋ ਕੇ ਸਿੱਖਾਂ ਦੀ ਵਧਦੀ ਤਾਕਤ ਵੱਲ ਧਿਆਨ ਦਿੱਤਾ। ਉਸਨੇ ਗੁਰੂ ਹਰਿ ਰਾਇ ਜੀ ਨੂੰ ਦਿੱਲੀ ਹਾਜ਼ਰ ਹੋਣ ਲਈ ਸੱਦਾ ਪੱਤਰ ਭੇਜਿਆ। ਗੁਰੂ ਜੀ ਨੇ ਦਿੱਲੀ ਜਾਣਾ ਠੀਕ ਨਾ ਸਮਝਿਆ। ਉਨ੍ਹਾਂ ਨੇ ਔਰੰਗਜ਼ੇਬ ਨੂੰ ਲਿਖਿਆ, “ਅਸੀਂ ਤੇਰਾ ਕੋਈ ਮੁਲਕ ਨਹੀਂ ਦਬਾਇਆ ਹੋਇਆ ਤੇ ਨਾ ਹੀ ਅਸੀਂ ਤੇਰਾ ਕੁਝ ਦੇਣਾ ਹੈ ਤਾਂ ਫਿਰ ਅਸੀਂ ਤੇਰੇ ਪਾਸ ਕਿਉਂ ਆਈਏ ?” ਇਹ ਉੱਤਰ ਮਿਲਣ ਉੱਪਰ ਔਰੰਗਜ਼ੇਬ ਨੇ ਲਾਹੌਰ ਦੇ ਗਵਰਨਰ ਖਲੀਲ ਉੱਲਾ ਖਾਨ ਨੂੰ ਹੁਕਮ ਕੀਤਾ, “ਸਿੱਖਾਂ ਦੇ ਗੁਰੂ ਨਾਲ ਨਿਪਟ, ਜਿਸਨੇ ਮੇਰਾ ਹੁਕਮ ਨਹੀਂ ਮੰਨਿਆ।
ਔਰੰਗਜ਼ੇਬ ਦਾ ਪੱਤਰ ਮਿਲਣ ‘ਤੇ ਲਾਹੌਰ ਦੇ ਗਵਰਨਰ ਨੇ ਮਨਸਬ ਵਾਲੇ ਜ਼ਾਲਿਮ ਖ਼ਾਨ ਨੂੰ ਦਸ ਹਜ਼ਾਰ ਘੋੜਸਵਾਰ ਦੇ ਕੇ ਕੀਰਤਪੁਰ ਉੱਪਰ ਹਮਲਾ ਕਰਨ ਲਈ ਭੇਜਿਆ ਅਤੇ ਉਸਨੂੰ ਹੁਕਮ ਕੀਤਾ ਕਿ ਉਹ ਗੁਰੂ ਨੂੰ ਬੰਦੀ ਬਣਾ ਕੇ ਲਾਹੌਰ ਹਾਜ਼ਰ ਕਰ। ਜ਼ਾਲਿਮ ਖ਼ਾਨ ਰਸਤੇ ਦੇ ਪਹਿਲੇ ਪੜਾਉ ਤੇ ਹੀ ਸੀ, ਜਦੋਂ ਉਸਦੀ ਕੱਚਾ ਮਾਸ ਖਾਣ ਨਾਲ ਮੌਤ ਹੋ ਗਈ । ਉਸਦੀ ਫੌਜ ਲਾਹੌਰ ਮੁੜ ਆਈ।
ਦੂਜੀ ਵਾਰੀ ਗਵਰਨਰ ਨੇ ਕੰਧਾਰ ਦੇ ਜਰਨੈਲ ਦੰਦ ਖ਼ਾਨ ਨੂੰ ਭੇਜਿਆ। ਜਦੋਂ ਉਹ ਜਲੰਧਰ ਦੇ ਨੇੜੇ ਕਰਤਾਰਪੁਰ ਪੁੱਜਿਆ ਤਾਂ ਉਸਦੇ ਦੁਸ਼ਮਣਾਂ ਉਸਦਾ ਸੁੱਤੇ ਪਏ ਦਾ ਖ਼ੂਨ ਕਰ ਦਿੱਤਾ। ਫ਼ੌਜ ਆਗੂ ਤੋਂ ਬਿਨਾ ਲਾਹੌਰ ਪਰਤ ਗਈ।
ਤੀਜੀ ਵਾਰੀ ਲਾਹੌਰ ਦੇ ਗਵਰਨਰ ਨੇ ਸਹਾਰਨਪੁਰ ਦੇ ਨਾਹਰ ਖ਼ਾਨ ਨੂੰ ਕੀਰਤਪੁਰ ਉੱਪਰ ਚੜ੍ਹਾਈ ਕਰਨ ਲਈ ਭੇਜਿਆ। ਰਸਤੇ ਵਿਚ ਉਸਦੀ ਫ਼ੌਜ ਵਿਚ ਹੈਜ਼ੇ ਦੀ ਬੀਮਾਰੀ ਫੈਲ ਗਈ। ਉਸਦੀ ਬਹੁਤ ਸਾਰੀ ਫ਼ੌਜ ਬੀਮਾਰੀ ਦਾ ਸ਼ਿਕਾਰ ਹੋ ਗਈ। ਰਹਿੰਦੀ ਫੌਜ ਨੂੰ ਜਦ ਪਤਾ ਲੱਗਾ ਕਿ ਇਹ ਆਫ਼ਤ ਗੁਰੂ ਉੱਪਰ ਚੜ੍ਹਾਈ ਕਰਨ ਜਾਣ ਨਾਲ ਆਈ ਸੀ ਤਾਂ ਉਨ੍ਹਾਂ ਅੱਗੇ ਜਾਣ ਤੋਂ ਨਾਂਹ ਕਰ ਦਿੱਤੀ। ਉਸ ਪਿੱਛੋਂ ਕੋਈ ਵੀ ਜਰਨੈਲ ਕੀਰਤਪੁਰ ਉੱਪਰ ਚੜ੍ਹਾਈ ਕਰਨ ਲਈ ਤਿਆਰ ਨਾ ਹੋਇਆ। ਉਨ੍ਹਾਂ ਸਾਰਿਆਂ ਨੇ ਸਿੱਖਾਂ ਪਾਸੋਂ ਸੁਣ ਲਿਆ ਸੀ ਕਿ ਗੁਰੂ ਹਰਿਗੋਬਿੰਦ ਜੀ ਨੇ ਗੁਰ-ਗੱਦੀ ਦੇਣ ਸਮੇਂ ਬਚਨ ਕੀਤੇ ਸਨ ਕਿ ਜਿਹੜਾ ਵੀ ਤੁਸਾਂ ਉੱਪਰ ਚੜ੍ਹਾਈ ਕਰੇਗਾ, ਉਸਦਾ ਰਸਤੇ ਵਿਚ ਨਾਸ਼ ਹੋ ਜਾਵੇਗਾ। ਸਿੱਖਾਂ ਦੇ ਗੁਰੂ ਦੇ ਬਚਨ ਸੱਚ ਹੋ ਰਹੇ ਸਨ।
ਔਰੰਗਜ਼ੇਬ ਨੇ ਦੇਖ ਲਿਆ ਕਿ ਗੁਰੂ ਹਰਿ ਰਾਇ ਜੀ ਨੂੰ ਜ਼ਬਰਦਸਤੀ ਦਿੱਲੀ ਨਹੀਂ ਲਿਆਂਦਾ ਜਾ ਸਕਦਾ। ਉਸਨੇ ਦੀਵਾਨ ਸ਼ਿਵ ਦਿਆਲ, ਜਿਹੜਾ ਗੁਰੂ ਦਾ ਸਿੱਖ ਸੀ, ਨੂੰ ਹੁਕਮ ਕੀਤਾ ਕਿ ਉਹ ਕੀਰਤਪੁਰ ਜਾ ਕੇ ਗੁਰੂ ਨੂੰ ਬੇਨਤੀ ਕਰ ਕੇ ਆਪਣੇ ਨਾਲ ਦਿੱਲੀ ਲੈ ਆਵੇ। ਦੀਵਾਨ ਸ਼ਿਵ ਦਿਆਲ ਨੇ ਕੀਰਤਪੁਰ ਪੁੱਜ ਕੇ ਗੁਰੂ ਹਰਿ ਰਾਇ ਜੀ ਅੱਗੇ ਬੇਨਤੀ ਕੀਤੀ, “ਆਪ ਦਿੱਲੀ ਚਲ ਕੇ ਸੰਗਤਾਂ ਨੂੰ ਦਰਸ਼ਨ ਦੇਵੋ ਤੇ ਔਰੰਗਜ਼ੇਬ ਨੂੰ ਇਸ ਤਰ੍ਹਾਂ ਦਾ ਜ਼ੁਲਮ ਕਰਨ ਤੋਂ ਰੋਕ ਤੇ ਉਸਨੂੰ ਸੱਚੀ ਸਿੱਖਿਆ ਦੇਵੋ।” ਗੁਰੂ ਜੀ ਨੇ ਦੀਵਾਨ ਨੂੰ ਕਿਹਾ, “ਅਸੀਂ ਬਾਦਸ਼ਾਹ ਦੇ ਮੱਥੇ ਨਾ ਲੱਗਣ ਦਾ ਪ੍ਰਣ ਕਰ ਚੁੱਕੇ ਹਾਂ, ਇਸ ਲਈ ਅਸੀਂ ਦਿੱਲੀ ਨਹੀਂ ਜਾ ਸਕਦੇ, ਪਰ ਅਸੀਂ ਆਪ ਦੇ ਨਾਲ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਆਪਣਾ ਪ੍ਰਤੀਨਿਧ ਬਣਾ ਕੇ ਭੇਜ ਦਿੰਦੇ ਹਾਂ। ਗੁਰੂ ਜੀ ਨੇ ਆਪਣੇ ਗਿਆਰਾਂ ਸਾਲਾਂ ਦੇ ਪੁੱਤਰ ਨੂੰ ਦਿੱਲੀ ਦੇ ਦੀਵਾਨ ਨਾਲ ਤੋਰਨ ਤੋਂ ਪਹਿਲਾਂ ਉਸਨੂੰ ਕਿਹਾ, “ਤੁਸੀਂ ਆਪਣੇ ਧਰਮ ਉੱਪਰ ਪੱਕ ਰਹਿਣਾ। ਜੋ ਚਾਹੋਗੇ ਸੋ ਹੋਵੇਗਾ।”