ਅਮਰ ਸ਼ਹੀਦ ਭਗਤ ਸਿੰਘ
Shaheed Bhagat Singh
ਨਿਬੰਧ ਨੰਬਰ : 0੧
ਸ: ਭਗਤ ਸਿੰਘ ਦਾ ਜਨਮ 1907 ਈ: ਨੂੰ ਚੱਕ ਨੰਬਰ ਪੰਜ, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ । ਆਪ ਦੇ ਪਿਤਾ ਦਾ ਨਾਮ ਸ. ਕਿਸ਼ਨ ਸਿੰਘ ਸੀ। ਦੇਸ਼ ਭਗਤੀ ਦੀ ਗੁੜ੍ਹਤੀ ਆਪ ਨੂੰ | ਆਪਣੇ ਪਰਿਵਾਰ ‘ਚੋਂ ਹੀ ਮਿਲੀ । ਜਲਿਆਂ ਵਾਲੇ ਬਾਗ ਦੇ ਖੂਨੀ ਕਾਂਡ ਦੇ ਕਾਰਨ ਤੇ ਲਾਲਾ ਲਾਜਪਤ ਰਾਇ ਤੇ ਹੋਏ ਲਾਠੀਚਾਰਜ ਕਾਰਨ ਉਹ ਅੰਗਰੇਜ਼ ਸਰਕਾਰ ਤੋਂ ਬਾਗੀ ਹੋ ਗਏ । 1925 ਈ: ਵਿੱਚ ਉਨ੍ਹਾਂ ਨੇ ‘ਨੌਜਵਾਨ ਭਾਰਤ ਸਭਾ’ ਬਣਾਈ ਤੇ ਅੰਗੇਰਜ਼ ਸਰਕਾਰ ਦੇ ਵਿਰੁੱਧ ਘੋਲ ਸ਼ੁਰੂ ਕਰ ਦਿੱਤਾ।
ਲਾਲਾ ਲਾਜਪਤ ਰਾਇ ਦੀ ਮੌਤ ‘ਤੇ ਭਗਤ ਸਿੰਘ ਨੇ ਬਦਲਾ ਲੈਣ ਦੀ ਕਸਮ ਖਾਧੀ ਸੀ । ਇਸ ਹਿਸਾਬ ਨਾਲ ਉਹ ਮਿ: ਸਕਾਟ ਨੂੰ ਮਾਰਨਾ ਚਾਹੁੰਦੇ ਸਨ । ਪਰ ਐਨ ਉਸ ਵਕਤ ਮਿਸਟਰ ਸਾਂਡਰਸ ਮੋਟਰ ਸਾਈਕਲ ਤੇ ਨਿਕਲਿਆ । ਰਾਜਗੁਰੂ ਤੇ ਭਗਤ ਸਿੰਘ ਨੇ ਗੋਲੀਆਂ ਦੀ ਵਾਛੜ ਕਰ ਕੇ ਉਸ ਨੂੰ ਮਾਰ ਦਿੱਤਾ ।
ਸੰਨ 1929 ਵਿਚ ਆਪ ਨੇ ਅਸੈਂਬਲੀ ਵਿਚ ਬੰਬ ਸੁਟਿਆ ਜਿਸ ਕਾਰਨ ਬੀ.ਕੇ. ਦੱਤ ਤੇ ਭਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੇਲ੍ਹ ਵਿਚ ਭੈੜੇ ਖਾਣੇ ਤੇ ਜੇਲ੍ਹ ਕਰਮਚਾਰੀਆਂ ਦੇ ਭੈੜੇ ਸਲੂਕ ਕਾਰਨ ਆਪ ਨੇ ਇਕ ਲੰਬੀ ਭੁੱਖ ਹੜਤਾਲ ਕਰ ਦਿੱਤੀ । ਮੁਕੱਦਮੇ ਸਮੇਂ ਭਗਤ ਸਿੰਘ ਤੇ ਉਸ ਦੇ ਸਾਥੀ ਬਹੁਤ ਨਿਡਰ ਰਹੇ । ਉਹ ਤਾਂ ਇਹੋ ਕਹਿ ਰਹੇ ਸਨ –
ਸਰ ਫਰੋਸ਼ੀ ਕੀ ਤਮੰਨਾ, ਅਬ ਹਮਾਰੇ ਦਿਲ ਮੇਂ ਹੈ ।
ਦੇਖਨਾ ਹੈ ਜ਼ੋਰ ਕਿਤਨਾ, ਬਾਜ਼ੂਏ ਕਾਤਿਲ ਮੇਂ ਹੈ ॥
ਇਉਂ ਉਹ ਭਾਰਤ ਦੀ ਆਜ਼ਾਦੀ ਲਈ ਪੂਰੀ ਤਰ੍ਹਾਂ ਲੋਕਾਂ ਵਿਚ ਜੋਸ਼ ਭਰ ਰਹੇ ਸਨ। ਸੰਨ 1930 ਵਿਚ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਸਾਰੇ ਦੇਸ਼ ਵਿਚ ਹਾਹਾਕਾਰ ਮੱਚ ਗਈ ।
ਪਰ ਅੰਗਰੇਜ਼ਾਂ ਨੇ ਹਮੇਸ਼ਾ ਇਹੋ ਸੋਚਿਆ ਕਿ ਐਸੇ ਬਾਗੀ ਜਲਦੀ ਖਤਮ ਹੋ ਜਾਣੇ ਚਾਹੀਦੇ ਹਨ । ਸੋ 1931 ਈ: ਵਿਚ ਮਾਰਚ ਦੇ ਮਹੀਨੇ ਤਿੰਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ । ਇਨ੍ਹਾਂ ਤਿੰਨਾਂ ਸਾਥੀਆਂ ਨੇ ਹੱਸ ਹੱਸ ਕੇ ਮੌਤ ਕਬੂਲ ਕਰ ਲਈ । ਇਹੋ ਜਿਹੇ ਮਹਾਨ ਸਪੂਤਾਂ ਤੇ ਇਤਿਹਾਸ ਨੂੰ ਮਾਣ ਹੈ।
ਨਿਬੰਧ ਨੰਬਰ : 0੨
ਸ਼ਹੀਦ ਭਗਤ ਸਿੰਘ
Shaheed Bhagat Singh
ਰੂਪ-ਰੇਖਾ ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ, ਜਨਮ ਤੇ ਵਿਰਸਾ, ਦੇਸ਼ ਭਗਤੀ ਦੀ ਲਗਨ, ਨੈਸ਼ਨਲ ਕਾਲਜ ਲਾਹੌਰ ਵਿੱਚ, ਸਾਂਡਰਸ ਨੂੰ ਮਾਰਨਾ, ਅਸੈਂਬਲੀ ਵਿੱਚ ਬੰਬ ਤੇ ਕੈਦ, ਫਾਂਸੀ, ਅਜ਼ਾਦੀ ਦੀ ਲਹਿਰ ਦਾ ਹੋਰ ਤੇਜ਼ ਹੋਣਾ, ਸਾਰ-ਅੰਸ਼|
ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ- ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ। ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ, ਸ਼ਿਵਾ ਜੀ ਤੇ ਰਾਣਾ ਪ੍ਰਤਾਪ ਵਰਗਿਆਂ ਦੀ ਦੇਸ਼ ਭਗਤੀ ਦੇ ਕਾਰਨਾਮਿਆਂ ਨੂੰ ਕੌਣ ਭੁਲਾ ਸਕਦਾ ਹੈ ?ਜਦੋਂ ਦੇਸ਼ ਅੰਗਰੇਜ਼ੀ ਰਾਜ ਦੇ ਅਧੀਨ ਸੀ ਤਾਂ ਦੇਸ਼ ਭਗਤਾਂ ਨੇ ਦੇਸ਼ ਦੀ ਅਜ਼ਾਦੀ ਲਈ ਇੱਕ ਲੰਮਾ ਘੋਲ ਕੀਤਾ। ਸ: ਭਗਤ ਸਿੰਘ ਵੀ ਉਹਨਾਂ ਸਿਰਲੱਥ ਘੁਲਾਟੀਆਂ ਵਿੱਚੋਂ ਇੱਕ ਸੀ।
ਜਨਮ ਤੇ ਵਿਰਸਾ- ਭਗਤ ਸਿੰਘ ਦਾ ਜਨਮ 27 ਸਤੰਬਰ, 1907 ਈਸਵੀ ਨੂੰ ਚੱਕ ਨੰਬਰ 105, ਜ਼ਿਲਾ ਲਾਇਲਪੁਰ ਵਿੱਚ ਹੋਇਆ। ਸ: ਭਗਤ ਸਿੰਘ ਦੇ ਪਿਤਾ ਦਾ ਜਨਮ ਕਿਸ਼ਨ ਸਿੰਘ ਸੀ, ਜੋ ਕਿ ਕਾਂਗਰਸ ਦਾ ਉੱਘਾ ਲੀਡਰ ਸੀ। ਉਸ ਦੀ ਮਾਤਾ ਦਾ ਨਾਮ ਵਿੱਦਿਆਵਤੀ ਸੀ। ਖਟਕੜ ਕਲਾਂ (ਜ਼ਿਲਾ ਜਲੰਧਰ) ਉਸ ਦਾ ਜੱਦੀ ਪਿੰਡ ਸੀ। ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਪਾਸ ਕਰਕੇ ਉਹ ਡੀ. ਏ. ਵੀ ਸਕੂਲ ਲਾਹੌਰ ਵਿੱਚ ਦਾਖਲ ਹੋਇਆ।
ਦੇਸ਼ ਭਗਤੀ ਦੀ ਲਗਨ- ਬਚਪਨ ਵਿੱਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਨੇ ਉਸ ਦੇ ਮਨ ਤੇ ਬਹੁਤ ਅਸਰ ਪਾਇਆ। ‘ਪਗੜੀ ਸੰਭਾਲ ਓ ਜੱਟਾ । ਲਹਿਰ ਦਾ ਪ੍ਰਸਿੱਧ ਆਗੂ ਸ: ਅਜੀਤ ਸਿੰਘ ਜਲਾਵਤਨ ਉਸ ਦਾ ਚਾਚਾ ਸੀ।
ਨੈਸ਼ਨਲ ਕਾਲਜ ਲਾਹੌਰ ਵਿੱਚ ਇੱਕ ਪਾਸੇ ਗੁਰਦੁਆਰਾ ਲਹਿਰ ਤੇ ਦੂਜੇ ਪਾਸੇ ਗਾਂਧੀ ਜੀ ਦੀ ਨਾ-ਮਿਲਵਰਤਨ ਲਹਿਰ ਚਲ ਪਈ।ਉਸ ਸਮੇਂ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਦਾ ਸੀ। ਉੱਥੇ ਹੀ ਉਸ ਦਾ ਮੇਲ ਸੁਖਦੇਵ ਨਾਲ। – ਹੋਇਆ। 1925 ਵਿੱਚ ਸ: ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਤੇ ਧਨਵੰਤੀ ਆਦਿ ਨੇ ‘ਨੌਜਵਾਨ ਭਾਰਤ ਸਭਾ’ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਘੋਲ ਆਰੰਭ ਕਰ ਦਿੱਤਾ।
ਸਾਂਡਰਸ ਨੂੰ ਮਾਰਨਾ- ਸ: ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੇ ਕਾਤਲ ਮਿ: ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ। ਇਸ ਸਮੇਂ ਸਕਾਟ ਦੀ ਥਾਂ ਸਾਂਡਰਸ ਮੋਟਰ ਸਾਈਕਲ ਉੱਪਰ ਜਾ ਰਿਹਾ ਸੀ। ਸਾਂਡਰਸ ਰਾਜਗੁਰੂ ਤੇ ਭਗਤ ਸਿੰਘ ਦੀਆਂ ਗੋਲੀਆਂ ਨਾਲ ਚਿੱਤ ਹੋ ਗਿਆ। ਉਹ ਗੋਲੀਆਂ ਚਲਾਉਂਦੇ ਹੋਏ ਬੱਚ ਕੇ ਨਿਕਲ ਗਏ। ਉਹਨਾਂ ਦੇ ਜਾਣ ਤੋਂ ਬਾਅਦ ਪੁਲਿਸ ਨੂੰ ਕੁਝ ਇਸ਼ਤਿਹਾਰ ਖਿਲਰੇ ਹੋਏ ਮਿਲੇ, ਜਿਸ ਵਿੱਚ ਭਗਤ ਸਿੰਘ ਹੋਰਾਂ ਨੇ ਸਾਂਡਰਸ ਦੇ ਕਤਲ ਦਾ ਕਾਰਨ ਸਪਸ਼ਟ ਕੀਤਾ ਸੀ ਉਸੇ ਰਾਤ ਭਗਤ ਸਿੰਘ ਤੇ ਰਾਜਗੁਰੂ ਕਲੱਕਤੇ ਲਈ ਗੱਡੀ ਚੜ੍ਹ ਗਏ। ਉਹਨਾਂ ਨਾਲ ਭਗਵਤੀ ਚਰਨ ਦੀ ਪਤਨੀ ਤੇ ਉਸ ਦਾ ਤਿੰਨ ਕੁ ਸਾਲ ਦਾ ਲੜਕਾ ਸਚਿੰਦਰ ਵੀ ਸੀ।
ਅਸੈਂਬਲੀ ਵਿੱਚ ਬੰਬ- ਫਿਰ ਭਗਤ ਸਿੰਘ ਦੀ ਪਾਰਟੀ ਨੇ ਦਿੱਲੀ ਦੀ ਵੱਡੀ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਪ੍ਰੋਗਰਾਮ ਬਣਾਇਆ। ਬੰਬ ਸੁੱਟਣ ਦੀ ਡਿਊਟੀ ਭਗਤ ਸਿੰਘ ਤੇ ਬੀ. ਕੇ. ਦੱਤ ਦੀ ਲੱਗੀ ਸੀ। 8 ਅਪ੍ਰੈਲ, 1929 ਨੂੰ ਵਾਇਸਰਾਏ ਨੇ ਅਸੈਂਬਲੀ ਦੇ ਰੱਦ ਕੀਤੇ ਦੋ ਲੋਕ-ਦੁਸ਼ਮਣ ਬਿੱਲਾਂ ਨੂੰ ਆਪਣੇ ਖ਼ਾਸ ਅਧਿਕਾਰਾਂ ਰਾਹੀਂ ਲਾਗੂ ਕਰਨ ਦਾ ਐਲਾਨ ਕਰਨਾ ਸੀ। ਭਗਤ ਸਿੰਘ ਹੋਰਾਂ ਨੇ ਇਸ ਐਲਾਨ ਵਿਰੁੱਧ ਰੋਸ ਪ੍ਰਗਟ ਕਰਨ ਲਈ ਧਮਾਕੇ ਵਾਲੇ ਦੋ ਬੰਬ ਅਸੈਂਬਲੀ ਵਿੱਚ ਸੁੱਟੇ। ਸਾਰਾ ਹਾਲ ਕੰਬ ਗਿਆ ਤੇ ਧੂੰਏ ਨਾਲ ਭਰ ਗਿਆ। ਸਭ ਪਾਸੇ ਜਾਨ ਬਚਾਉਣ ਦੀ ਭਾਜੜ ਮਚ ਗਈ। ਭਗਤ ਸਿੰਘ ਤੇ ਦੱਤ ਉੱਥੋਂ ਭੱਜੇ ਨਾ, ਸਗੋਂ ਉਹਨਾਂ ਨੂੰ ‘ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫਤਾਰੀ ਦੇ ਦਿੱਤੀ। ਉਹਨਾ ਦੇ ਅਸੈਂਬਲੀ ਵਿੱਚ ਸੁੱਟੇ ਇਸ਼ਤਿਹਾਰਾਂ ਉੱਪਰ ਲਿਖਿਆ ਹੋਇਆ ਸੀ ਕਿ ਉਹਨਾਂ ਨੇ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸੁੱਟੇ , ਸਗੋਂ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਸੁੱਟੇ ਹਨ।
ਕੈਦ ਤੇ ਫਾਂਸੀ- ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰੱਚ ਕੇ ਬੰਬ ਸੁੱਟਣ ਦੇ ਦੋਸ਼ ਵਿੱਚ ਭਗਤ ਸਿੰਘ ਤੇ ਬੀ. ਕੇ. ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਇਹਨਾਂ ਉੱਤੇ ਸਾਂਡਰਸ ਦੇ ਕਤਲ ਦਾ ਮੁਕੱਦਮਾ ਚਲਦਾ ਰਿਹਾ। ਅੰਗਰੇਜ਼ਾਂ ਦੀ ਇਸ ਮੰਤਵ ਲਈ ਬਣਾਈ ਸਪੈਸ਼ਲ ਅਦਾਲਤ ਸਾਹਮਣੇ ਭਗਤ ਸਿੰਘ ਹੋਰਾਂ ਨੇ ਸਭ ਕੁੱਝ ਸੱਚ ਦੱਸ ਦਿੱਤਾ ਤੇ ਨਾਲ ਹੀ ਬੜੀ ਨਿਡਰਤਾ ਨਾਲ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਤੋਂ ਪਰਦਾ ਲਾਹਿਆ। ਅਦਾਲਤ ਨੇ 7 ਅਕਤੂਬਰ 1930 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਉਹ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮਣ ਲਈ ਤਿਆਰ ਹੋ ਗਏ। ਉਹ ਅਕਸਰ ਗਾਇਆ ਕਰਦਾ ਸੀ-
‘ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ, ਬਾਜੂਏ ਕਾਤਿਲ ਮੇਂ ਹੈ।
ਇਸ ਸਮੇਂ ਗਾਂਧੀ ਜੀ ਦਾ ਲੂਣ ਦਾ ਮੋਰਚਾ ਵੀ ਚਲ ਰਿਹਾ ਸੀ ਤੇ ਲੋਕ ਬੜੇ ਜੋਸ਼ ਵਿੱਚ ਸਨ। ਗਾਂਧੀ-ਇਰ-ਵਿਨ ਸਮਝੌਤੇ ਨਾਲ ਇਹ ਮੋਰਚਾ ਖ਼ਤਮ ਹੋ ਗਿਆ। ਲੋਕ ਹੁਣ ਇਹ ਆਸ ਕਰ ਰਹੇ ਸਨ ਕਿ ਹੋਰਨਾਂ ਕੈਦੀਆਂ ਨਾਲ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਵੀ ਛੱਡ ਦਿੱਤਾ ਜਾਵੇਗਾ | ਅੰਗਰੇਜ਼ ਸਰਕਾਰ ਨੇ ਲੋਕਾਂ ਤੋਂ ਡਰਦਿਆਂ 23 ਮਾਰਚ, 1931 ਨੂੰ ਰਾਤ ਵੇਲੇ ਹੀ ਉਹਨਾਂ ਨੂੰ ਫਾਂਸੀ ਲਾ ਦਿੱਤੀ। ਲੋਥਾਂ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਪਿਛਲੇ ਪਾਸਿਓਂ ਚੋਰ ਦਰਵਾਜੇ ਰਾਹੀਂ ਕੱਢ ਕੇ ਫਿਰੋਜ਼ਪੁਰ ਲੈ ਗਏ। ਤਿੰਨਾਂ ਦੀ ਇਕੱਠੀ ਚਿਤਾ ਬਣਾ ਕੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਅੱਧ-ਸੜੀਆਂ ਲਾਸ਼ਾਂ ਪੁਲਿਸ ਨੇ ਸਤਲੁਜ ਦਰਿਆ ਵਿੱਚ ਰੋੜ੍ਹ ਦਿੱਤੀਆਂ।
ਅਜ਼ਾਦੀ ਦੀ ਲਹਿਰ ਦਾ ਹੋਰ ਤੇਜ਼ ਹੋਣਾ- ਭਗਤ ਸਿੰਘ ਦੀ ਕੁਰਬਾਨੀ ਨੇ ਸਾਰੇ ਭਾਰਤ ਵਿੱਚ ਅੰਗਰੇਜ਼ ਵਿਰੋਧੀ ਨਫ਼ਰਤ ਦੇ ਘੋਲ ਨੂੰ ਹੋਰ ਵੀ ਤੇਜ਼ ਕਰ ਦਿੱਤਾ ਤੇ ਇਸ ਨਾਲ ਹੋਰਨਾਂ ਨੌਜਵਾਨਾਂ ਨੂੰ ਕੁਰਬਾਨੀਆਂ ਕਰਨ ਦਾ ਉਤਸ਼ਾਹ ਮਿਲਿਆ। ਲੋਕ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਹੋਰ ਵੀ ਜ਼ੋਰ ਨਾਲ ਘੋਲ ਕਰਨ ਲੱਗੇ। ਅੰਗਰੇਜ਼ ਭਗਤ ਸਿੰਘ ਦੇ ਪੈਰ ਚਿੰਨ੍ਹਾਂ ਤੇ ਚਲਣ ਵਾਲੇ ਅਨੇਕਾਂ ਸਿਰਲੱਥ ਸੂਰਮਿਆਂ ਦੇ ਘੋਲ ਅੱਗੇ ਗੋਡੇ ਟੇਕ ਕੇ 15 ਅਗਸਤ 1947 ਨੂੰ ਭਾਰਤ ਛੱਡ ਗਏ।
ਸਾਰ-ਅੰਸ਼- ਭਗਤ ਸਿੰਘ ਮਾਤਾ ਦਾ ਇੱਕ ਮਹਾਨ ਸਪੁੱਤਰ ਸੀ ਜਿਸ ਦੀ ਸਿਰਲੱਥ ਕੁਰਬਾਨੀ ਸਦਕਾ ਅੱਜ ਅਸੀਂ ਇੱਕ ਅਜ਼ਾਦ ਕੌਮ ਕਹਾਉਂਦੇ ਹਾਂ। ਭਾਰਤ ਦੀ ਜਨਤਾ ਸਦਾ ਇਸ ਸੂਰਮੇ ਨੂੰ ਯਾਦ ਕਰੇਗੀ।
‘ਸ਼ਹੀਦੋਂ ਕੀ ਚਿਤਾਓਂ ਪਰ ਲਗੇ ਹਰ ਵਰਸ਼ ਮੇਲੇ,
ਵਤਨ ਪੇ ਮਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।।
ਨਿਬੰਧ ਨੰਬਰ : 0੩
ਅਮਰ ਸ਼ਹੀਦ ਭਗਤ ਸਿੰਘ
“ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਵਰਸ਼ ਮੇਲੇ,
ਵਤਨ ਪੇ ਮਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।”
ਭੂਮਿਕਾ— ਗ਼ੁਲਾਮੀ ਦੀ ਭਿਆਨਕ ਤੇ ਕਾਲੀ ਬੋਲੀ ਰਾਤ ਦੇ ਹਨੇਰੇ ਵਿਚ ਭਾਰਤ ਦੀ ਕਿਸਮਤ ਡੁੱਬੀ ਹੋਈ ਸੀ। ਆਪਣੀ ਹੀ ਧਰਤੀ, ਆਪਣੇ ਹੀ ਅਕਾਸ਼ ਅਤੇ ਆਪਣੇ ਹੀ ਘਰਾਂ ਵਿਚ ਭਾਰਤਵਾਸੀ ਸਨ।ਵਿਦੇਸੀ ਸ਼ਾਸਕਾਂ ਦੀ ਦਇਆ ਅਤੇ ਕਿਰਪਾ ਤੇ ਉਹਨਾਂ ਦੀ ਕਿਸਮਤ ਨਿਰਭਰ ਸੀ। ਆਪਣੀ ਇੱਛਾ ਅਤੇ ਕਲਪਨਾ, ਭਾਵਨਾ ਅਤੇ ਵਿਚਾਰ ਪ੍ਰਗਟ ਕਰਨ ਲਈ ਵੀ ਉਹ ਉਹ ਅਜ਼ਾਦ ਨਹੀਂ ਸਨ। ਆਪਣੀ ਪ੍ਰਗਤੀ, ਨਿਆਂ ਅਤੇ ਸਨਮਾਨ ਲਈ ਵੀ ਉਹ ਅੰਗਰੇਜ਼ਾਂ ਦੇ ਸਹਾਰੇ ਸਨ।ਆਪਣੇ ਬਚਪਨ ਵਿਚ ਹੀ ਅਜ਼ਾਦੀ ਦੇ ਪਿਆਰੇ ਦੀਵਾਨੇ ਬਾਲਕ ‘ਭਾਗਾਂਵਾਲਾ’ ਨੇ ਸੁਤੰਤਰਤਾ ਦੇ ਅਸ਼ਵਮੇਘ ਵਿਚ ਆਪਣੇ ਜੀਵਨ ਦੀ ਜਿਹੜੀ ਅਹੂਤੀ ਦਿੱਤੀ ਉਸ ਵਿਚੋਂ ਨਿਕਲਣ ਵਾਲੀਆਂ ਲਾਟਾਂ ਦੇ ਭਾਂਬੜ ਵਿਚ ਵਿਦੇਸੀ ਸ਼ਾਸ਼ਨ ਜਲ ਕੇ ਭਸਮ ਹੋ ਗਿਆ। ਭਾਰਤ ਦੀ ਅਜ਼ਾਦੀ ਦਾ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਭਾਰਤ ਦੀ ਅਜ਼ਾਦੀ ਲਈ ਜਾਨਾਂ ਵਾਰਨ ਵਾਲੇ ਪਰਵਾਨਿਆਂ ਵਿਚੋ ਸ਼ਹੀਦ ਸਿੰਘ ਦਾ ਨਾਂ ਸਦਾ ਹੀ ਪਹੁ-ਫੁਟਾਲੇ ਸਤਾਰੇ ਵਾਂਗ ਚਮਕਦਾ ਰਹੇਗਾ।
ਜੀਵਨ ਚਿਤਰਨ—ਸ਼ਹੀਦ ਭਗਤ ਸਿੰਘ ਦਾ ਜਨਮ 11 ਨਵੰਬਰ, 1907 ਈ. ਨੂੰ ਚੱਕ ਨੰ: 5 ਜ਼ਿਲ੍ਹਾ ਲਾਇਲਪੁਰ ਦੇ ਪਿੰਡ ‘ਬੰਗਾ’ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਆਪ ਦਾ ਜੱਦੀ ਪਿੰਡ ਖਟਕੜ ਕਲਾਂ (ਜ਼ਿਲ੍ਹਾ ਜਲੰਧਰ) ਸੀ। ਆਪ ਦਾ ਸਾਰਾ ਪਰਿਵਾਰ ਦੇਸ ਭਗਤਾਂ ਤੇ ਸੁਤੰਤਰਤਾ ਸੰਗਰਾਮੀਆਂ ਦਾ ਸੀ। ਆਪ ਦੇ ਪਿਤਾ ਕਿਸ਼ਨ ਸਿੰਘ ਕਾਂਗਰਸ ਦੇ ਉੱਘੇ ਨੇਤਾ ਸਨ ਅਤੇ ਆਪ ਦੇ ਚਾਚਾ ਸ੍ਰ: ਅਜੀਤ ਸਿੰਘ ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਪ੍ਰਸਿੱਧ ਆਗੂ ਸਨ। ਇੰਝ ਦੇਸ ਪਿਆਰ ਦੀ ਗੁੜ੍ਹਤੀ ਆਪ ਨੂੰ ਘਰੋਂ ਹੀ ਪ੍ਰਾਪਤ ਹੋਈ। ਦੇਸ- ਭਗਤ ਘਰਾਣੇ ਦੀਆਂ ਲੋਰੀਆਂ ਲੈ ਕੇ ਬਚਪਨ ਤੋਂ ਹੀ ਭਗਤ ਸਿੰਘ ਦੇਸ ਪਿਆਰ ਦੇ ਰੰਗ ਵਿਚ ਰੰਗਿਆ ਗਿਆ।
ਵਿੱਦਿਆ-ਆਪ ਜੀ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਬੰਗਾ ਵਿਚ ਹੀ ਪ੍ਰਾਪਤ ਕੀਤੀ। ਉਚੇਰੀ ਵਿਦਿਆ ਲਈ ਆਪ ਲਾਹੌਰ ਆ ਗਏ। ਇੱਥੇ ਡੀ. ਏ. ਵੀ. ਹਾਈ ਸਕੂਲ ਵਿਚੋਂ ਦਸਵੀਂ ਪਾਸ ਕਰਕੇ ਡੀ.ਏ.ਵੀ. ਕਾਲਜ ਵਿਚ ਦਾਖ਼ਲ ਹੋ ਗਏ।
ਰਾਜਸੀ ਜੀਵਨ ਵਿਚ ਪ੍ਰਵੇਸ਼— ਕਾਲਜ ਵਿਚ ਪੜ੍ਹਦਿਆਂ ਆਪ ਜੀ ਦਾ ਮੇਲ ਸੁਖਦੇਵ ਨਾਲ ਹੋਇਆ। ਫਿਰ ਆਪ ਜੀ ਦਾ ਮੇਲ ਧਨਵੰਤਰੀ ਅਤੇ ਭਗਵਤੀ ਚਰਨ ਨਾਲ ਹੋਇਆ। ਆਪ ਜੀ ਨੇ ਇਹਨਾਂ ਨਾਲ ਮਿਲ ਕੇ ‘ਨੌਜਵਾਨ ਭਾਰਤ ਸਭਾ’ ਬਣਾਈ। ਇਸ ਜੱਥੇਬੰਦੀ ਵਿਚ ਉਹੀ ਨੌਜਵਾਨ ਸ਼ਾਮਿਲ ਹੋ ਸਕਦਾ ਸੀ, ਜੋ ਦੇਸ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੋਵੇ ਅਤੇ ਜਿਹੜਾ ਮੌਕਾ ਪੈਣ ਤੇ ਆਪਣੀ ਜਾਨ ਵਾਰ ਸਕਦਾ ਹੋਵੇ। ਭਗਤ ਸਿੰਘ ਦੀ ਅਗਵਾਈ ਵਿਚ ਬਹੁਤ ਸਾਰੇ ਸਿਰਲੱਥ ਨੌਜਵਾਨ ਇਸ ਜਥੇਬੰਦੀ ਵਿਚ ਸ਼ਾਮਲ ਹੋ ਗਏ। ਜਦੋਂ 1920 ਈ: ਵਿਚ ਮਹਾਤਮਾ ਗਾਂਧੀ ਨੇ ‘ਨਾ-ਮਿਲਵਰਤਨ ਲਹਿਰ’ ਚਲਾਈ ਅਤੇ ਨੌਜਵਾਨਾਂ ਨੂੰ ਦੇਸ ਦੀ ਸੇਵਾ ਦਾ ਸੱਦਾ ਦਿੱਤਾ ਤਾਂ ਭਗਤ ਸਿੰਘ ਅਤੇ ਉਸਦੇ ਸਾਥੀ ਇਸ ਸੱਦੇ ਨੂੰ ਪ੍ਰਵਾਨ ਕਰਕੇ ਆਪਣੀ ਪੜ੍ਹਾਈ ਅਧੂਰੀ ਛੱਡ ਕੇ ਅਜ਼ਾਦੀ ਦੀ ਲਹਿਰ ਵਿਚ ਕੁੱਦ ਪਏ। ਦੇਸ ਸੇਵਾ ਲਈ ਆਪ ਜੀ ਨੇ ਇਨਕਲਾਬ ਦਾ ਰਾਹ ਅਪਣਾਇਆ।
ਸਾਈਮਨ ਕਮੀਸ਼ਨ— ਅੰਗਰੇਜ਼ ਸਰਕਾਰ ਨੇ 1928 ਈ: ਵਿਚ ਸਾਈਮਨ ਕਮੀਸ਼ਨ ਬਣਾ ਕੇ ਭਾਰਤ ਵਿਚ ਭੇਜਿਆ। ਕਾਂਗਰਸ ਪਾਰਟੀ ਨੇ ਉਸਦਾ ਬਹੁਤ ਵਿਰੋਧ ਕੀਤਾ। ਇਸ ਪਾਰਟੀ ਦੇ ਆਗੂ ਲਾਲਾ ਲਾਜਪਤ ਰਾਏ ਇਸ ਕਮਿਸ਼ਨ ਦਾ ਵਿਰੋਧ ਕਰਕੇ ਲਾਹੌਰ ਵਿਚ ਸ਼ਹੀਦ ਹੋ ਗਏ। ਸ਼ਹੀਦ ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕਰ ਲਿਆ। ਆਪ ਜੀ ਨੇ ਪੁਲਿਸ ਕਪਤਾਨ ਸਾਂਡਰਸ ਨੂੰ ਕਤਲ ਕਰ ਦਿੱਤਾ। ਸਾਂਡਰਸ ਦਾ ਕਤਲ ਕਰਕੇ ਆਪ ਜੀ ਨੇ ਭੇਸ ਵਟਾ ਲਿਆ, ਜਿਸ ਕਾਰਨ ਪੁਲਿਸ ਆਪ ਜੀ ਨੂੰ ਪਕੜ ਨਾ ਸਕੀ।
ਅਸੈਂਬਲੀ ਵਿਚ ਬੰਬ ਸੁੱਟਣਾ— ਭਗਤ ਸਿੰਘ ਨੇ ਦੇਸ ਨੂੰ ਅਜ਼ਾਦ ਕਰਵਾਉਣ ਲਈ ਅਨੇਕਾਂ ਜਥੇਬੰਦੀਆਂ ਬਣਾਈਆਂ ਅਤੇ ਆਪ ਹਰ ਕੀਮਤ ਤੇ ਦੇਸ ਨੂੰ ਅਜ਼ਾਦ ਕਰਵਾਉਣਾ ਚਾਹੁੰਦੇ ਸਨ।ਇਸ ਲਈ ਆਪ ਜੀ ਨੇ ਆਪਣੇ ਇਕ ਸਾਥੀ ਬਟੁਕੇਸ਼ਵਰ ਦੱਤ ਨਾਲ ਮਿਲ ਕੇ ਸਰਕਾਰ ਦੇ ਕੰਨ ਖੋਲ੍ਹਣ ਲਈ ਅਸੈਂਬਲੀ ਵਿਚ ਬੰਬ ਸੁੱਟ ਦਿੱਤਾ।ਆਪ ਬੰਬ ਸੁੱਟ ਕੇ ਉੱਥੇ ਹੀ ਅਡੋਲ ਖੜ੍ਹੇ ਰਹੇ ਤੇ ਆਪ ਜੀ ਨੇ ਉੱਥੇ ਸਾਫ਼ ਕਹਿ ਦਿੱਤਾ ਕਿ ਇਹ ਬੰਬ ਸਰਕਾਰ ਦੇ ਕੰਨ ਖੋਲ੍ਹਣ ਲਈ ਸੁਟਿੱਆ ਗਿਆ ਹੈ।ਉਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀ।
ਗ੍ਰਿਫ਼ਤਾਰੀ ਅਤੇ ਕੈਦ— ਅਸੈਂਬਲੀ ਵਿਚ ਬੰਬ ਸੁੱਟਣ ਤੋਂ ਬਾਅਦ ਸਰਕਾਰ ਨੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਜੇਲ੍ਹ ਵਿਚ ਰਹਿੰਦਿਆਂ ਆਪ ਉੱਪਰ ਬਹੁਤ ਸਖ਼ਤ ਜ਼ੁਲਮ ਕੀਤੇ ਗਏ, ਪਰ ਆਪ ਜੀ ਨੇ ਸਾਰੇ ਜ਼ੁਲਮਾਂ ਨੂੰ ਖਿੜੇ ਮੱਥੇ ਸਹਾਰ ਲਿਆ। ਮੁਕੱਦਮੇਂ ਸਮੇਂ ਆਪ ਪੇਸ਼ੀ ਤੇ ਜਾਂਦੇ ਤਾਂ ਇਹ ਸ਼ੇਅਰ ਗਾਉਂਦੇ ਹੁੰਦੇ ਸਨ-
“ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ।”
ਆਖਰ ਆਪ ਜੀ ਨੂੰ ਆਪ ਜੀ ਦੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਮੇਤ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਉਸ ਵੇਲੇ ਆਪ ਜੀ ਨੇ ਹਸਦਿਆਂ-ਹਸਦਿਆਂ ਕਿਹਾ—
“ਤੇਗੋਂ ਕੇ ਸਾਏ ਮੇਂ ਪਲ ਕਰ ਜਵਾਂ ਹੂਏ ਹੈਂ,
ਇਕ ਖੇਲ ਜਾਨਤੇ ਹੈਂ ਫ਼ਾਂਸੀ ਪੇ ਝੂਲ ਜਾਨਾ।”
ਫਾਂਸੀ— 23 ਮਾਰਚ, 1931 ਦੀ ਰਾਤ ਵੇਲੇ ਆਪ ਨੂੰ ਆਪ ਜੀ ਦੇ ਦੋ ਸਾਥੀਆਂ ਸਮੇਤ ਫ਼ਾਂਸੀ ਤੇ ਲਟਕਾ ਦਿੱਤਾ ਗਿਆ। ਆਪ ਜੀ ਨੂੰ ਫਿਰੋਜ਼ਪੁਰ ਕੋਲ ਹੁਸੈਨੀਵਾਲਾ ਵਿਚ ਸਤਲੁਜ ਦੇ ਕੰਢੇ ਸਾੜਿਆ ਗਿਆ। ਪੰਜਾਬ ਸਰਕਾਰ ਨੇ ਉੱਥੇ ਇਨ੍ਹਾਂ ਤਿੰਨ੍ਹਾਂ ਦੇਸ ਭਗਤਾਂ ਦੀਆਂ ਸਮਾਧਾਂ ਬਣਾਇਆਂ ਹਨ, ਜਿੱਥੇ ਹਰ ਸਾਲ 23 ਮਾਰਚ ਨੂੰ ‘ਸ਼ਹੀਦੀ ਦਿਨ ਮਨਾਇਆ ਜਾਂਦਾ ਹੈ।
ਸਾਰਾਂਸ਼— ਭਗਤ ਸਿੰਘ ਭਾਰਤ ਮਾਤਾ ਦਾ ਇਕ ਮਹਾਨ ਸਪੁੱਤਰ ਸੀ, ਜਿਸ ਨੇ ਦੇਸ ਦੀ ਖਾਤਰ ਖਿੜ੍ਹੇ ਮੱਥੇ ਆਪਾ ਵਾਰ ਦਿੱਤਾ। ਭਾਰਤ ਦੀ ਜਨਤਾ ਆਪ ਜੀ ਨੂੰ ਸਦਾ ਯਾਦ ਰੱਖੇਗੀ।
Give me essay on bhagat singh
Punjabi Essay on “Shaheed Bhagat Singh”, “ਸ਼ਹੀਦ ਭਗਤ ਸਿੰਘ”, Punjabi Essay for Class 10, Class 12 ,B.A Students and Competitive Examinations.
http://absolutestudy.com/punjabi-essay-on-shaheed-bhagat-singh-%e0%a8%b8%e0%a8%bc%e0%a8%b9%e0%a9%80%e0%a8%a6-%e0%a8%ad%e0%a8%97%e0%a8%a4-%e0%a8%b8%e0%a8%bf%e0%a9%b0%e0%a8%98-punjabi-essay-2/
This essay is due to complete my homework
why i cant copy text from your site
Thanks for providing this knowledge to us.
Thanks so much this essay very easy
very useful