Punjabi Essay on “Punjabi mele te Tyohar”, “ਪੰਜਾਬੀ ਮੇਲੇ ਅਤੇ ਤਿਉਹਾਰ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਪੰਜਾਬੀ ਮੇਲੇ ਅਤੇ ਤਿਉਹਾਰ

Punjabi mele te Tyohar

Punjab-De-Mele

ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ : ਸਾਡਾ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਇਹਨਾਂ ਦਾ ਸੰਬੰਧ ਸਾਡੇ ਸਭਿਆਚਾਰ, ਇਤਿਹਾਸ ਅਤੇ ਧਾਰਮਿਕ ਸੰਸਕ੍ਰਿਤੀ ਨਾਲ ਹੈ। ਇਹਨਾਂ ਵਿਚੋਂ ਕੁਝ ਮੇਲੇ ਅਤੇ ਤਿਉਹਾਰ ਰਾਸ਼ਟਰੀ ਪੱਧਰ ਦੇ ਹਨ, ਜਿਹੜੇ ਕਿ ਪੰਜਾਬ ਵਿਚ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਵਿਸਾਖੀ, ਬਸੰਤ, ਦੁਸਹਿਰਾ, ਜਨਮ-ਅਸ਼ਟਮੀ ਅਤੇ ਰਾਮ-ਨੌਮੀ ਦੇ ਮੌਕਿਆਂ ਤੇ ਲੱਗਣ ਵਾਲੇ ਮੇਲੇ ਰਾਸ਼ਟਰੀ ਪੱਧਰ ਦੇ ਹਨ। ਇਹਨਾਂ ਤੋਂ ਇਲਾਵਾ ਪੰਜਾਬ ਵਿਚ ਵੱਖ-ਵੱਖ ਥਾਵਾਂ ਤੇ ਬਹੁਤ ਸਾਰੇ ਸਥਾਨਕ ਮੇਲੇ ਵੀ ਲੱਗਦੇ ਹਨ। ਇਹਨਾਂ ਵਿਚੋਂ ਬਹੁਤੇ ਮੇਲੇ ਧਾਰਮਿਕ ਹਨ, ਜਿਹੜੇ ਕਿ ਪੀਰਾਂ-ਫਕੀਰਾਂ ਦੇ ਮਜ਼ਾਰਾਂ, ਦੇਵੀ-ਦੇਵਤਿਆਂ ਦੇ ਇਤਿਹਾਸਿਕ ਅਤੇ ਮਿਥਿਹਾਸਕ ਸਥਾਨਾਂ ਅਤੇ ਗੁਰਧਾਮਾਂ ’ਤੇ ਲੱਗਦੇ ਹਨ। ਇਹਨਾਂ ਮੇਲਿਆਂ ਦਾ ਪੰਜਾਬ ਵਿਚ ਭਾਰੀ ਮਹੱਤਵ ਹੈ। ਇਹਨਾਂ ਵਿਚ ਪੰਜਾਬ ਤੋਂ ਬਾਹਰਲੇ ਪ੍ਰਾਂਤਾਂ ਦੇ ਲੋਕ ਵੀ ਭਾਗ ਲੈਣ ਆਉਂਦੇ ਹਨ।

ਰਾਸ਼ਟਰੀ ਪੱਧਰ ਦੇ ਮੇਲੇ : ਰਾਸ਼ਟਰੀ ਪੱਧਰ ਦੇ ਜਿਹੜੇ ਮੇਲੇ ਪੰਜਾਬ ਵਿਚ ਲੱਗਦੇ ਹਨ, ਉਹਨਾਂ ਵਿਚ ਸਮੁੱਚੇ ਪੰਜਾਬੀ ਵੱਧ ਚੜ ਕੇ ਭਾਗ ਲੈਂਦੇ ਹਨ। ਇਹਨਾਂ ਵਿਚੋਂ ਵਿਸਾਖੀ, ਬਸੰਤ, ਦੁਸਹਿਰਾ, ਜਨਮ ਅਸ਼ਟਮੀ ਅਤੇ ਰਾਮਨੌਮੀ ਦੇ ਮੇਲੇ ਬੜੇ ਪ੍ਰਸਿੱਧ ਹਨ। ਇਹਨਾਂ ਵਿਚੋਂ ਵਿਸਾਖੀ ਦਾ ਮੇਲਾ ਬਹੁਤ ਲੋਕਪ੍ਰਿਯ ਹੈ। ਇਹ ਮੇਲਾ ਹਾੜੀ ਦੀ ਫਸਲ ਦੇ ਪੱਕਣ ਦੀ ਖੁਸ਼ੀ ਵਿਚ ਜਗਾ-ਜਗਾ ਤੇ ਲੱਗਦਾ ਹੈ। ਪੰਜਾਬੀ ਜੱਟ ਢੋਲ ਵਜਾਉਂਦੇ ਅਤੇ ਭੰਗੜਾ ਪਾਉਂਦੇ ਹੋਏ ਇਸ ਵਿਚ ਹਿੱਸਾ ਲੈਂਦੇ ਹਨ। ਕਰਤਾਰਪੁਰ ਅਤੇ ਦਮਦਮਾ ਸਾਹਿਬ ਵਿਚ ਲੱਗਣ ਵਾਲੇ ਵਿਸਾਖੀ ਦੇ ਮੇਲੇ ਸਮੁੱਚੇ ਪੰਜਾਬ ਵਿਚ ਮਸ਼ਹੂਰ ਹਨ। ਲੋਕ ਦੂਰ-ਦੁਰਾਡੇ ਤੋਂ ਆ ਕੇ ਇਹਨਾਂ ਮੇਲਿਆਂ ਵਿਚ ਸ਼ਾਮਿਲ ਹੁੰਦੇ ਹਨ। ਬਸੰਤ ਦੇ ਮੇਲੇ ਦਾ ਸੰਬੰਧ ਰੁੱਤ ਜਾਂ ਮੌਸਮ ਦੇ ਬਦਲਾਅ ਨਾਲ ਹੈ। ਇਸ ਦਿਨ ਹਕੀਕਤ ਰਾਏ ਧਰਮੀ ਨੂੰ ਅਪਣੇ ਧਰਮ ਵਿਚ ਦਿੜ ਰਹਿਣ ਕਾਰਨ ਸ਼ਹੀਦ ਕੀਤਾ ਗਿਆ ਸੀ। ਉੱਤਰੀ ਭਾਰਤ ਦੇ ਹੋਰਨਾਂ ਪੁੱਤਾਂ ਵਾਂਗ ਪੰਜਾਬ ਵਿਚ ਵੀ ਨੌਜਵਾਨ ਪੀਲੀਆਂ ਪੱਗਾਂ ਬੰਨ੍ਹ ਕੇ ਅਤੇ ਮੁਟਿਆਰਾਂ ਪੀਲੀਆਂ ਚੁੰਨੀਆਂ ਲੈ ਕੇ ਇਸ ਵਿਚ ਖੁਸ਼ੀਆਂ ਅਤੇ ਚਾਵਾਂ ਨਾਲ ਹਿੱਸਾ ਲੈਂਦੀਆਂ ਹਨ। ਇਹ ਮੇਲਾ ਕਈ ਥਾਵਾਂ ‘ਤੇ ਲੱਗਦਾ ਹੈ। ਛੇਹਰਟੇ ਅਤੇ ਪਟਿਆਲੇ ਵਿਚ ਲੱਗਣ ਵਾਲੇ ਬਸੰਤ ਪੰਚਮੀ ਦੇ ਮੇਲੇ ਸਮੁੱਚੇ ਪੰਜਾਬ ਵਿਚ ਮਸ਼ਹੂਰ ਹਨ। ਉੱਤਰੀ ਭਾਰਤ ਦੇ ਬੜੇ ਲੋਕਪ੍ਰਿਯ ਤਿਉਹਾਰ ਦੁਸਹਿਰੇ ਦੇ ਮੌਕੇ ਤੇ ਲੱਗਣ ਵਾਲਾ ਮੇਲਾ ਵੀ ਪੰਜਾਬ ਵਿਚ ਥਾਂ-ਥਾਂ ਤੇ ਬੜੀ ਧੂਮਧਾਮ ਨਾਲ ਲੱਗਦਾ ਹੈ। ਲੋਕ ਇਸ ਮੇਲੇ ਨੂੰ ਦੇਖਣ ਲਈ ਦੂਰ-ਦੁਰਾਡੇ ਤੋਂ ਆਉਂਦੇ ਹਨ। ਦਸਵੀਂ ਵਾਲੇ ਦਿਨ ਜਦੋਂ ਰਾਵਣ ਦੇ ਪੁਤਲੇ ਨੂੰ ਅੱਗ ਲਾਈ ਜਾਂਦੀ ਹੈ ਤਾਂ ਇਸ ਮੌਕੇ ਉੱਪਰ ਮੇਲਾ ਵੇਖਣ ਵਾਲਿਆਂ ਦੀ ਚੋਖੀ ਭੀੜ ਹੁੰਦੀ ਹੈ। ਲੋਕ ਬੜੇ ਉਤਸ਼ਾਹ ਅਤੇ ਚਾਅ ਨਾਲ ਇਸ ਮੇਲੇ ਦਾ ਆਨੰਦ ਮਾਣਦੇ ਹਨ। ਜਨਮ ਅਸ਼ਟਮੀ ਅਤੇ ਰਾਮ ਨੌਮੀ ਦੇ ਮੇਲੇ ਉੱਪਰ ਵੀ ਪੰਜਾਬ ਵਿਚ ਥਾਂ-ਥਾਂ ਮੰਦਰ ਸਜਦੇ ਹਨ ਅਤੇਬੜੀ ਧੂਮਧਾਮ ਨਾਲ ਮੇਲੇ ਲੱਗਦੇ ਹਨ। ਹਰ ਉਮਰ ਅਤੇ ਹਰ ਧਰਮ ਨੂੰ ਮੰਨਣ ਵਾਲੇ ਲੋਕ ਇਹਨਾਂ ਮੇਲਿਆਂ ਵਿਚ ਭਾਗ ਲੈਂਦੇ ਹਨ।

ਸਥਾਨਕ ਮੇਲੇ : ਕੌਮੀ ਪੱਧਰ ਦੇ ਇਹਨਾਂ ਮੇਲਿਆਂ ਤੋਂ ਬਿਨਾਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਲੱਗਣ ਵਾਲੇ ਸਥਾਨਕ ਮੇਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਹਨਾਂ ਵਿਚੋਂ ਕੁਝ ਮੇਲੇ ਤਾਂ ਸਮੁੱਚੇ ਪੰਜਾਬ ਅਤੇ ਇਸ ਤੋਂ ਬਾਹਰ ਵਾਲੇ ਪ੍ਰਾਂਤਾਂ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਵੀ ਬਣਦੇ ਹਨ, ਪਰੰਤ ਕੁਝ ਮੇਲਿਆਂ ਦਾ ਅਸਰ ਸੀਮਿਤ ਹਿੱਸਿਆਂ ਵਿਚ ਹੀ ਰਹਿੰਦਾ ਹੈ। ਹੇਠਾਂ ਪੰਜਾਬ ਵਿਚ ਲੱਗਣ ਵਾਲੇ ਕੁਝ ਪ੍ਰਸਿੱਧ ਮੇਲਿਆਂ ਦਾ ਸੰਖੇਪ ਰੂਪ ਵਿਚ ਉਲੇਖ ਕੀਤਾ ਗਿਆ ਹੈ।

ਛਪਾਰ ਦਾ ਮੇਲਾ : ਮਾਲਵੇ ਦੇ ਮੇਲਿਆਂ ਵਿਚੋਂ ਸਭ ਤੋਂ ਪਸਿੱਧ ‘ਛਪਾਰ ਦਾ ਮੇਲਾ’ ਹੈ। ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛਪਾਰ ਦੀ ਦੱਖਣੀ ਗੁੱਠ ਵਿਚ ਗੁੱਗੇ ਦੀ ਮਾੜੀ ਵਿਖੇ ਭਾਦਰੋਂ ਦੀ ਚਾਨਣੀ ਚੌਦੇ ਨੂੰ ਲੱਗਦਾ ਹੈ। ਲੋਕ ਦੂਰ-ਦੁਰਾਡੇ ਤੋਂ ਮੇਲਾ ਵੇਖਣ ਆਉਂਦੇ ਹਨ। ਕਈ ਸ਼ਰਧਾਲੂ ਤਾਂ ਓਨੀ ਦੇਰ ਤੱਕ ਕੁਝ ਨਹੀਂ ਖਾਂਦੇ-ਪੀਂਦੇ, ਜਿੰਨੀ ਦੇਰ ਉਹ ਗੁੱਗੇ ਦੀ ਮਾੜੀ ਦੀ ਮਿੱਟੀ ਨਾ ਕੱਢ ਲੈਣ। ਇਸ ਮੇਲੇ ਵਿਚ ਗੱਭਰੂਆਂ ਦੀਆਂ ਢਾਣੀਆਂ ਹੱਥਾਂ ਵਿਚ ਡਾਂਗਾਂ ਅਤੇ ਟਕੂਏ ਉਲਾਰਦੀਆਂ ਹੋਈਆਂ ਬੋਲੀਆਂ ਪਾਉਂਦੀਆਂ ਅਤੇ ਮਸਤੀ ਅਤੇ ਬੇਪ੍ਰਵਾਹੀ ਵਿਚ ਚਾਂਗਰਾਂ ਮਾਰਦੀਆਂ ਹਨ। ਮੇਲੇ ਵਿਚ ਆਏ ਲੋਕ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਾਂਦੇ, ਝੂਲੇ ਝੂਟਦੇ ਅਤੇ ਖੇਡਾਂ ਖੇਡਦੇ ਹਨ!

ਜਰਗ ਦਾ ਮੇਲਾ : ਮਾਲਵੇ ਦਾ ‘ਜਰਗ ਦਾ ਮੇਲਾ’ ਵੀ ਬੜਾ ਪ੍ਰਸਿੱਧ ਹੈ। ਇਹ ਮੇਲਾ ਜਰਗ ਪਿੰਡ ਵਿਚ ਮਾਤਾ ਰਾਨੀ ਦੇ ਮੰਦਰ ਤੋਂ ਲੱਗਦਾ ਹੈ। ਚੇਤਰ ਦੇ ਨਰਾਤਿਆਂ ਵਿਚ ਮੰਗਲਵਾਰ ਦੀ ਸਵੇਰ ਨੂੰ ਗੁਲਗੁਲੇ ਪਕਾ ਕੇ ਇਕ ਰਾਤ ਰੱਖੇ ਜਾਂਦੇ ਹਨ ਤੇ ਦੂਜੇ ਦਿਨ ਸਵੇਰੇ ਮਾਤਾ ਰਾਨੀ ਦੀ ਪੂਜਾ ਕਰਨ ਪਿੱਛੋਂ ਪਹਿਲਾਂ ਖੇਤੇ ਨੂੰ ਪ੍ਰਸ਼ਾਦ ਖੁਆਉਣ ਮਗਰੋਂ ਇਹ ਪ੍ਰਸ਼ਾਦ ਹੋਰਨਾਂ ਨੂੰ ਵੰਡਿਆ ਜਾਂਦਾ ਹੈ। ਇੱਥੇ ਮਾਤਾ ਰਾਨੀ ਦੀਆਂ ਭੇਟਾਂ ਗਾਈਆਂ ਜਾਂਦੀਆਂ ਹਨ ਤੇ ਝੀਊਰਾਂ ਨੂੰ ਮਾਤਾ ਰਾਨੀ ਦੇ ਪ੍ਰਸ਼ਾਦ ਦੇ ਅਧਿਕਾਰੀ ਸਮਝਿਆ ਜਾਂਦਾ ਹੈ।

ਰੌਸ਼ਨੀਆਂ ਦਾ ਮੇਲਾ : ਮਾਲਵੇ ਵਿਚ ਜਗਰਾਉਂ ਵਿਖੇ ਲੱਗਣ ਵਾਲਾ ਰੌਸ਼ਨੀਆਂ ਦਾ ਮੇਲਾ ਵੀ ਬੜਾ ਮਸ਼ਹੂਰ ਹੈ। ਇਹ ਮੇਲਾ 14, 15 ਅਤੇ 16 ਫੱਗਣ ਨੂੰ ਲੱਗਦਾ ਹੈ। ਲੋਕ ਰਾਤ ਨੂੰ ਪੌਣਿਆਂ ਵਾਲੇ ਫਕੀਰ ਦੀ ਮਜ਼ਾਰ ਉੱਤੇ ਦੀਵੇ ਬਾਲਦੇ ਹਨ। ਪਹਿਲੇ ਦਿਨ ਇੱਥੇ ਭਗਤ ਚੌਕੀਆਂ ਭਰਦੇ ਹਨ। ਦੂਜੇ ਤੇ ਤੀਜੇ ਦਿਨ ਆਮ ਲੋਕ ਵੀ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਇਸ ਪ੍ਰਕਾਰ ਦੇ ਤਿੰਨ ਦਿਨ ਇਸ ਮੇਲੇ ਦੀ ਰੌਣਕ ਕਾਫੀ ਰਹਿੰਦੀ ਹੈ। ਲੋਕ ਬੋਲੀਆਂ ਪਾਉਂਦੇ, ਟੱਪੇ ਗਾਉਂਦੇ ਅਤੇ ਭੰਗੜੇ ਪਾਉਂਦੇ ਹਨ। ਇੱਥੇ ਖੇਡਾਂ ਤੇ ਤਮਾਸ਼ਿਆਂ ਦਾ ਵੀ ਇੰਤਜ਼ਾਮ ਹੁੰਦਾ ਹੈ।

ਹੈਦਰ ਸ਼ੇਖ ਦਾ ਮੇਲਾ : ਇਹਨਾਂ ਤੋਂ ਇਲਾਵਾ ਮਾਲਵੇ ਵਿਚ ਮਲੇਰਕੋਟਲਾ ਵਿਖੇ ਹੈਦਰ ਸ਼ੇਖ ਦੇ ਮਕਬਰੇ ਉੱਪਰ ਲੱਗਣ ਵਾਲਾ ਮੇਲਾ ਬੜਾ ਮਸ਼ਹੂਰ ਹੈ। ਇਹ ਮੇਲਾ ਨਿਮਾਣੀ ਇਕਾਦਸ਼ੀ ਤੋਂ ਇਕ ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਤੇ ਦੋ ਦਿਨ ਲੱਗਿਆ ਰਹਿੰਦਾ ਹੈ। ਲੋਕ ਔਲਾਦ ਦੀ ਦਾਤ ਲੈਣ ਲਈ ਹੈਦਰ ਸ਼ੇਖ ਦੇ ਮਕਬਰੇ ਤੇ ਮੰਨਤਾਂ ਮੰਨਦੇ ਅਤੇ ਚੌਕੀਆਂ ਭਰਦੇ ਹਨ। ਇੱਥੇ ਲੋਕ ਕਾਲਾ ਬੱਕਰਾ ਜਾਂ ਕਾਲਾ ਕੱਕੜ ਭੇਟ ਚੜਾਉਂਦੇ ਹਨ।

ਮੁਕਤਸਰ ਦਾ ਮੇਲਾ : ਇਹਨਾਂ ਤੋਂ ਬਿਨਾਂ ਮਾਲਵੇ ਵਿਚ ਮੁਕਤਸਰ ਦਾ ਮੇਲਾ ਵੀ ਮਸ਼ਹੂਰ ਹੈ। ਇਹ 40 ਮੁਕਤਿਆਂ ਨਾਲ ਸੰਬੰਧਿਤ ਗੁਰਦੁਆਰੇ ਦੇ ਦੁਆਲੇ ਮਾਘੀ ਵਾਲੇ ਦਿਨ ਲੱਗਦਾ ਹੈ। ਇੱਥੇ ਲੋਕ ਬੜੀ ਸ਼ਰਧਾ ਅਤੇ ਪੇਮ ਨਾਲ ਪੁੱਜਦੇ ਹਨ।

ਬਾਬਾ ਸੋਢਲ ਦਾ ਮੇਲਾ : ਦੁਆਬੇ ਦੇ ਮੇਲਿਆਂ ਵਿਚ ਜਲੰਧਰ ਵਿਖੇ ਲੱਗਣ ਵਾਲਾ ਬਾਬਾ ਸੋਢਲ ਦਾ ਮੇਲਾ ਬਹੁਤ ਮਸ਼ਹੂਰ ਹੈ। ਇਹ ਮੇਲਾ ਅੱਸੂ ਦੇ ਮਹੀਨੇ ਵਿਚ ਲੱਗਦਾ ਹੈ। ਇਹ ਤੜਕੇ ਤੋਂ ਸ਼ਰ ਹੋ ਜਾਂਦਾ ਹੈ ਅਤੇ ਦਿਨ ਭਰ ਅਤੇ ਦੇਰ ਰਾਤ ਤੱਕ ਚੱਲਦਾ ਰਹਿੰਦਾ ਹੈ। ਲੋਕ ਬਾਬੇ ਸੋਢਲ ਦੇ ਮੰਦਰ ਵਿਚ ਜਾ ਕੇ ਪ੍ਰਸ਼ਾਦ ਚੜ੍ਹਾਉਂਦੇ ਅਤੇ ਮੰਨਤਾਂ ਮੰਨਦੇ ਹਨ। ਇਸ ਮੇਲੇ ਵਿਚ ਦਰਸ਼ਨ ਕਰਨ ਲਈ ਲੋਕ ਬੜੀ ਦੂਰੋਂ ਆਉਂਦੇ ਹਨ। ਅਨੇਕ ਲੋਕ ਬਾਬੇ ਸੋਢਲ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਦਾਨ-ਪੁੰਨ ਵੀ ਕਰਦੇ ਹਨ।

ਆਨੰਦਪੁਰ ਦਾ ਹੋਲਾ ਮਹੱਲਾ : ਇਸ ਤੋਂ ਬਿਨਾਂ ਦੁਆਬੇ ਵਿਚ ਮਸ਼ਹੂਰ ਮੇਲਾ ਹੋਲੇ ਮਹੱਲੇ ਦੇ ਮੇਲੇ ਉੱਤੇ ਆਨੰਦਪੁਰ ਸਾਹਿਬ ਵਿਚ ਲੱਗਦਾ ਹੈ। ਇਹ ਮੇਲਾ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਲਈ ਸ਼ਰਧਾ ਅਤੇ ਦਿਲਚਸਪੀ ਦਾ ਕੇਂਦਰ ਹੁੰਦਾ ਹੈ। ਦੁਆਬੇ ਦੇ ਕਸਬੇ ਕਰਤਾਰਪੁਰ ਦੀ ਵਿਸਾਖੀ ਆਲੇ-ਦੁਆਲੇ ਵਿਚ ਕਾਫੀ ਮਸ਼ਹੂਰ ਹੈ। ਆਦਮਪੁਰ ਲਾਗੇ ਬਾਬੇ ਸੂਸਾਂ ਵਾਲੇ ਦਾ ਪ੍ਰਸਿੱਧ ਮੇਲਾ ਲੱਗਦਾ ਹੈ।

ਅਚਲ ਦਾ ਮੇਲਾ : ਮਾਝੇ ਦੇ ਮੇਲਿਆਂ ਵਿਚੋਂ ਅਚਲ (ਬਟਾਲੇ ਨੇੜੇ) ਵਿਖੇ ਲੱਗਣ ਵਾਲਾ ਮੇਲਾ ਬੜਾ ਮਸ਼ਹੂਰ ਹੈ। ਇਹ ਮੇਲਾ ਰਾਮਨੌਮੀ ਦੇ ਮੌਕੇ ਤੇ ਲੱਗਦਾ ਹੈ। ਪੁਰਾਣੇ ਸਮੇਂ ਵਿਚ ਅਚਲ ਵਿਚ ਜੋਗੀਆਂ ਦਾ ਭਾਰੀ ਕੇਂਦਰ ਸੀ। ਮੇਲੇ ਤੋਂ ਕੁਝ ਦਿਨ ਪਹਿਲਾਂ ਇੱਥੋਂ ਦੇ ਸਰੋਵਰ ਦੇ ਚਾਰੇ ਪਾਸੇ ਅਨੇਕਾਂ ਜੋਗੀ ਅਤੇ ਸੰਨਿਆਸੀ ਆ ਕੇ ਆਪਣੀਆਂ ਧੂਣੀਆਂ ਧੁਖਾ ਲੈਂਦੇ ਹਨ। ਉਹਨਾਂ ਦੇ ਕੋਲ ਹੀ ਉਹ ਆਪਣੇ ਨਿਸ਼ਲ ਗੱਡ ਲੈਂਦੇ ਹਨ, ਜਿਨ੍ਹਾਂ ਉੱਪਰ ਉਹਨਾਂ ਨੇ ਫੁੱਲਾਂ ਦੇ ਹਾਰ ਪਾਏ ਹੁੰਦੇ ਹਨ। ਇਸ ਮੇਲੇ ਨੂੰ ਦੇਖਣ ਲਈ ਲੋਕ ਬੜੀ ਗਿਣਤੀ ਵਿਚ ਪੁੱਜਦੇ ਹਨ।

ਰਾਮਤੀਰਥ ਦਾ ਮੇਲਾ : ਅੰਮ੍ਰਿਤਸਰ ਤੋਂ ਬਾਰਾਂ ਕੁ ਮੀਲ ਦੀ ਦੂਰੀ ਤੇ ਰਾਮਤੀਰਥ ਨਾਂ ਦੇ ਸਥਾਨ ਤੇ ਲੱਗਣ ਵਾਲਾ ਮੇਲਾ ਵੀ ਬੜਾ ਪ੍ਰਸਿੱਧ ਹੈ। ਇਸ ਜਗਾ ਦਾ ਤਾਅਲੁੱਕ ਸੀ ਰਾਮਚੰਦਰ ਜੀ ਨਾਲ ਹੈ। ਇਸ ਜਗਾ ਉੱਤੇ ਇਕ ਸਰੋਵਰ ਹੈ, ਜਿੱਥੇ ਇਹ ਮੇਲਾ ਕੱਤਕ ਦੀ ਪੂਰਨਮਾਸ਼ੀ ਨੂੰ ਲੱਗਦਾ ਹੈ।

ਸਾਈਂ ਇਲਾਹੀ ਸ਼ਾਹ ਦੀ ਦਰਗਾਹ ਦਾ ਮੇਲਾ : ਮਾਝੇ ਵਿਚ ਸਾਈਂ ਇਲਾਹੀ ਸ਼ਾਹ ਦੀ ਦਰਗਾਹ ਉੱਤੇ ਲੱਗਣ ਵਾਲਾ ਮੇਲਾ ਵੀ ਬੜਾ ਮਸ਼ਹੂਰ ਹੈ। ਇਹ ਹਰ ਸਾਲ ਹਾੜ ਦੀ 20 ਤਾਰੀਖ ਨੂੰ ਲੱਗਦਾ ਹੈ। ਇਸ ਮੇਲੇ ਵਿਚ ਹੋਰਨਾਂ ਖਿੱਚ-ਵਸਤਾਂ ਤੋਂ ਇਲਾਵਾ ਕੁੱਕੜਾਂ ਤੇ ਬਟੇਰਿਆਂ ਦੀਆਂ ਲੜਾਈਆਂ ਦੇਖਣ ਯੋਗ ਹੁੰਦੀਆਂ ਹਨ। ਇੱਥੇ ਦੂਰ-ਦੂਰ ਤੋਂ ਆਏ ਕੱਵਾਲ ਚੰਗਾ ਰੰਗ ਬੰਨ੍ਹਦੇ ਹਨ।

ਛੇਹਰਟੇ ਦੀ ਬਸੰਤ ਪੰਚਮੀ ਤੇ ‘ਕੋਠੇ ਦਾ ਮੇਲਾ’ ਮਾਝੇ ਦੇ ਕੁਝ ਹੋਰ ਪ੍ਰਸਿੱਧ ਮੇਲੇ ਹਨ।

ਕੁਝ ਹੋਰ ਛੋਟੇ-ਮੋਟੇ ਮੇਲੇ : ਉੱਪਰ ਅਸੀਂ ਪੰਜਾਬ ਦੇ ਕੁਝ ਪ੍ਰਸਿੱਧ ਮੇਲਿਆਂ ਦਾ ਜ਼ਿਕਰ ਕੀਤਾ ਹੈ। ਉਂਝ ਇਹਨਾਂ ਤੋਂ ਇਲਾਵਾ ਬਹੁਤ ਸਾਰੇ ਛੋਟੇ-ਮੋਟੇ ਮੇਲੇ ਵੀ ਲੱਗਦੇ ਹਨ, ਜਿਵੇਂ ਜਲੰਧਰ ਵਿਚ ਬਾਬੇ ਝੰਡੀਆਂ ਵਾਲੇ ਦਾ ਮੇਲਾ, ਤਰਨਤਾਰਨ ਵਿਖੇ ਮੱਸਿਆ ਦਾ ਮੇਲਾ, ਸਾਵਣ ਦੇ ਮਹੀਨੇ ਵਿਚ ਤੀਆਂ ਦਾ ਮੇਲਾ ਆਦਿ।

ਮਹਾਨਤਾ : ਇਹਨਾਂ ਮੇਲਿਆਂ ਵਿਚ ਵਪਾਰਕ ਚੀਜ਼ਾਂ ਦੀਆਂ ਮੰਡੀਆਂ ਵੀ ਲੱਗਦੀਆਂ ਹਨ। ਕਈ ਥਾਵਾਂ ਤੇ ਪਸ਼ੂਆਂ ਦੀਆਂ ਭਾਰੀਆਂ ਮੰਡੀਆਂ ਵੀ ਲੱਗਦੀਆਂ ਹਨ। ਇਹਨਾਂ ਵਿਚ ਲੋਕਾਂ ਨੂੰ ਆਪਣੇ ਦੂਰ ਦੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਮੌਕਾ ਵੀ ਮਿਲਦਾ ਹੈ। ਕਈ ਵਾਰ ਮੇਲਿਆਂ ਵਿਚ ਦੋ ਟੋਲੀਆਂ ਵਿਚ ਲੜਾਈ ਵੀ ਹੋ ਜਾਂਦੀ ਹੈ। ਸਮੁੱਚੇ ਤੌਰ ਤੇ ਇੱਥੇ ਆਏ ਲੋਹਾ ਮਨ-ਭਾਉਂਦੀਆਂ ਚੀਜ਼ਾਂ ਖਾ ਕੇ , ਭੰਗੜੇ ਪਾ ਕੇ ਅਤੇ ਖੇਡਾਂ-ਤਮਾਸ਼ਿਆਂ ਨੂੰ ਦੇਖ ਕੇ ਖੁਬ ਦਿਲ ਪਰਚਾਵਾ ਕਰਦੇ ਹਨ ਅਤੇ ਨਾਲ ਹੀ ਆਪਣੇ ਈਸ਼ਟਾਂ ਅਤੇ ਪੀਰਾਂ-ਫਕੀਰਾਂ ਦੀ ਮੰਨਤ ਕਰ · ਕੇ ਆਪਣਾ ਜੀਵਨ ਸਫਲ ਕਰਦੇ ਹਨ। ਇਸ ਪ੍ਰਕਾਰ ਇਹਨਾਂ ਮੇਲਿਆਂ ਦਾ ਪੰਜਾਬੀ ਜੀਵਨ ਵਿਚ ਕਾਫੀ ਮਹੱਤਵ ਹੈ।

Leave a Reply