Punjabi Essay on “Nashabandi”, “ਨਸ਼ਾਬੰਦੀ”, Punjabi Essay for Class 10, Class 12 ,B.A Students and Competitive Examinations.

ਨਸ਼ਾਬੰਦੀ

Nashabandi

ਰੂਪ-ਰੇਖਾ- ਭੂਮਿਕਾ, ਸੰਸਾਰ ਵਿੱਚ ਨਸ਼ਿਆਂ ਦਾ ਪਸਾਰ, ਨਸ਼ਾ ਇੱਕ ਨਾ-ਮੁਰਾਦ ਬਿਮਾਰੀ, ਨਸ਼ਿਆਂ ਦੀਆਂ ਕਿਸਮਾਂ, ਨਸ਼ਾ ਤੰਤਰ, ਹੋਸਟਲਾਂ ਦਾ ਵਾਤਾਵਰਨ, ਬੇਰੁਜ਼ਗਾਰੀ, ਪੜ੍ਹਾਈ ਲਈ ਨਸ਼ਾ, ਬਾਹਰਲੇ ਅਸਰ, ਕਾਨੂੰਨ, ਸਕੂਲਾਂ-ਕਾਲਜਾਂ ਵਿੱਚ ਪ੍ਰਚਾਰ, ਸਾਰ ਅੰਸ਼

ਭੂਮਿਕਾ- ਇਹ ਆਮ ਕਹਾਵਤ ਹੈ “ਨਸ਼ਾ ਨਾਸ਼ ਕਰਦਾ ਹੈ। ਨਸ਼ਾ ਕਰਨ ਵਾਲਿਆਂ ਨੂੰ ਭਲੀ-ਭਾਂਤੀ ਇਹ ਪਤਾ ਹੁੰਦਾ ਹੈ ਕਿ ਨਸ਼ਿਆਂ ਨਾਲ ਨੁਕਸਾਨ। ਹੁੰਦਾ ਹੈ ਪਰ ਉਹ ਫਿਰ ਵੀ ਸ਼ਿਆਂ ਦੇ ਟੋਏ ਵਿੱਚ ਡਿੱਗਦੇ ਜਾ ਰਹੇ ਹਨ। ਭਾਰਤ ਵਿੱਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਨਸ਼ਿਆਂ ਦਾ ਸੇਵਨ ਜ਼ਿਆਦਾਤਰ ਸਕੂਲਾਂ-ਕਾਲਜਾਂ ਦੇ ਹੋਸਟਲਾਂ ਵਿੱਚ ਰਹਿੰਦੇ ਵਿਦਿਆਰਥੀਆਂ ਵਿੱਚ ਪਾਇਆ ਜਾਂਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਡੁੱਬ ਕੇ ਕੁਰਾਹੇ ਪੈ ਗਈ ਹੈ। ਇਹ ਬਿਮਾਰੀ ਕੇਵਲ ਮੁੰਡਿਆਂ ਵਿੱਚ ਨਹੀਂ ਸਗੋਂ ਕੁੜੀਆਂ ਵਿੱਚ ਵੀ ਦੇਖੀ ਜਾ ਸਕਦੀ ਹੈ।

ਸੰਸਾਰ ਵਿੱਚ ਨਸ਼ਿਆਂ ਦਾ ਪਸਾਰ- ਇੱਕ ਅਨੁਮਾਨ ਦੇ ਅਨੁਸਾਰ ਸੰਸਾਰ ਵਿੱਚ ਤਕਰੀਬਨ 21 ਕਰੋੜ ਲੋਕ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਸਾਡਾ ਦੇਸ਼ ਭਾਰਤ ਇਸ ਦੀ ਚਪੇੜ ਵਿੱਚ ਬਹੁਤ ਆ ਗਿਆ ਹੈ। ਸਾਡੇ ਦੇਸ਼ ਦੇ 80% ਨੌਜਵਾਨ ਨਸ਼ਿਆਂ ਦੇ ਆਦੀ ਹਨ। ਇਹ ਨਸ਼ੇ ਹਨ-ਸ਼ਰਾਬ ਪੀਣਾ, ਚਰਸ, ਸਮੈਕ ਤੇ ਹੈਰੋਇਨ ਦੀ ਵਰਤੋਂ ਕਰਨਾ।

 ਨਸ਼ਾ ਇੱਕ ਨਾ-ਮੁਰਾਦ ਬਿਮਾਰੀ- ਇਹ ਇੱਕ ਨਾ-ਮੁਰਾਦ ਬਿਮਾਰੀ ਹੈ। ਇਹ ਬਿਮਾਰੀ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਹੈ। ਨਸ਼ਿਆਂ ਦੀਆਂ ਆਦਤਾਂ ਵਿੱਚ ਫਸ ਕੇ ਨੌਜਵਾਨ ਕੇਵਲ ਆਪਣੇ ਭਵਿੱਖ ਨੂੰ ਹੀ ਤਬਾਹ ਨਹੀਂ ਕਰ ਰਹੇ ਸਗੋਂ ਸਮੁੱਚੇ ਦੇਸ਼ ਦੀ ਗਿਰਾਵਟ ਦਾ ਕਾਰਨ ਬਣ ਰਹੇ ਹਨ।

 ਨਸ਼ਿਆਂ ਦੀਆਂ ਕਿਸਮਾਂ- ਨਸ਼ੇ ਕਈ ਤਰ੍ਹਾਂ ਦੇ ਹਨ ਜਿਵੇਂ- ਸ਼ਰਾਬ, ਅਫ਼ੀਮ, ਤੰਬਾਕੂ, ਚਰਸ, ਹੈਰੋਇਨ, ਨਸ਼ੇ ਦੀਆਂ ਗੋਲੀਆਂ, ਟੀਕੇ ਆਦਿ। ਕਈ ਥਾਵਾਂ ਤੇ ਸਕੂਲਾਂ ਜਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਸਿਗਰਟ, ਸਮੈਕ, ਹੈਰੋਇਨ ਤੇ ਨਸ਼ੇ ਦੀਆਂ ਗੋਲੀਆਂ ਮਿਲਦੀਆਂ ਹਨ। ਨੌਜੁਆਨ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਆਮ ਤੌਰ ਤੇ ਜ਼ਿਆਦਾ ਕਰਦੇ ਹਨ। ਆਮ ਲੋਕਾਂ ਰਾਹੀਂ ਤੰਬਾਕੂ ਤੇ ਸ਼ਰਾਬ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਗਰੀਬ ਲੋਕਾਂ ਦੇ ਘਰਾਂ ਵਿੱਚ ਬੀੜੀਆਂ ਨੇ ਤਾਂ ਘਰ ਹੀ ਕਰ ਲਿਆ ਹੈ। ਅਮੀਰ ਲੋਕਾਂ ਦੇ ਘਰਾਂ ਵਿੱਚ ਸ਼ਰਾਬ ਤਿੱਸ਼ਠਾ ਦਾ ਪ੍ਰਤੀਕ ਹੈ। ਕੋਈ ਵੀ ਪਾਰਟੀ ਹੋਵੇ, ਸਾਰੀਆਂ ਪਾਰਟੀਆਂ ਵਿੱਚ ਸ਼ਰਾਬ ਪ੍ਰਮੁੱਖ ਹੁੰਦੀ ਹੈ।

ਨਸ਼ਾ ਤੰਤਰ- ਪੈਸੇ ਦੀ ਹਵਸ ਦੇ ਸ਼ਿਕਾਰ ਸਮਾਜ ਵਿਰੋਧੀ ਅਨਸਰ ਵਿੱਚ ਨਸ਼ੇ ਫੈਲਾਉਣ ਵਿੱਚ ਮੁੱਖ ਭੂਮਿਕਾ ਅਦਾ ਕਰ ਰਹੇ ਹਨ। ਦੇਸ਼ ਵਿੱਚ ਵੱਡੇ ਪੱਧਰ ਤੇ ਸਮਗਲਿੰਗ ਰਾਹੀਂ ਹੈਰੋਇਨ, ਚਰਸ, ਸਮੈਕ ਸਪਲਾਈ ਹੁੰਦੀ ਹੈ। ਨੌਜੁਆਨ ਨੂੰ ਝਾਂਸੇ ਵਿੱਚ ਲਿਆਉਣ ਲਈ ਕਈ ਵਾਰ ਉਹ ਮੁਫਤ ਵਿੱਚ ਨਸ਼ੇ ਦੀ ਪੁੜੀਆਂ ਦੇ ਦਿੰਦੇ ਹਨ। ਜਦੋਂ ਉਹ ਆਦੀ ਹੋ ਜਾਂਦੇ ਹਨ ਤਾਂ ਇਸ ਦੀ ਪ੍ਰਾਪਤੀ ਲਈ ਚੋਰੀ, ਠੱਗੀ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਚੋਣਾਂ ਦੇ ਦਿਨਾਂ ਵਚ ਵੀ ਨਸ਼ੇ ਖ਼ਾਸ ਤੌਰ ਤੇ ਸ਼ਰਾਬ ਮੁਫ਼ਤ ਵੰਡੀ ਜਾਂਦੀ ਹੈ। ਇਹ ਨਸ਼ੇ ਮਨੁੱਖ ਦੀ ਸੋਚਣ ਵਿਚਾਰਨ ਦੀ ਸ਼ਕਤੀ ਨੂੰ ਖ਼ਤਮ ਕਰ ਦਿੰਦੇ ਹਨ।

ਹੋਸਟਲਾਂ ਦਾ ਵਾਤਾਵਰਨਸਕੂਲਾਂਕਾਲਜਾਂ ਦੇ ਵਿਦਿਆਰਥੀ, ਜਿਹੜੇ ਹੋਸਟਲਾਂ ਵਿੱਚ ਰਹਿੰਦੇ ਹਨ, ਉਹ ਇੱਕ-ਦੂਜੇ ਦੀ ਦੇਖਾ-ਦੇਖੀ ਨਸ਼ਿਆਂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਹੌਲੀ-ਹੌਲੀ ਸਾਰੇ ਹੀ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਨੂੰ ਉੱਥੇ ਰੋਕਣ ਵਾਲਾ ਵੀ ਕੋਈ ਨਹੀਂ ਹੁੰਦਾ। ਮਾਤਾ-ਪਿਤਾ ਤੋਂ ਦੂਰ ਰਹਿਣ ਕਰਕੇ ਉਹ ਆਪਣੀ ਮਨ-ਮਰਜ਼ੀ ਕਰਦੇ ਹਨ। ‘ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੰਡਾ` ਵਾਲੀ ਗੱਲ ਹੋ ਜਾਂਦੀ ਹੈ। ਉਹ ਕਿਸੇ ਵੀ ਬੁਰਾਈ ਤੋਂ ਗੁਰੇਜ਼ ਨਹੀਂ ਕਰਦੇ।

 ਬੇਰੁਜ਼ਗਾਰੀ- ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ ਕਿ ਕਈ ਨੌਜਵਾਨ ਕੰਮ ਨਾ ਮਿਲਣ ਕਰਕੇ ਨਸ਼ਿਆਂ ਦੀ ਸਪਲਾਈ ਦਾ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਕਈ ਨੌਜਵਾਨ ਪੜ੍ਹਨ-ਲਿਖਣ ਤੋਂ ਬਾਅਦ ਨੌਕਰੀ ਨਾ ਮਿਲਣ ਕਰਕੇ ਇਸ ਦਾ ਸ਼ਿਕਾਰ ਹੋ ਜਾਂਦੇ ਹਨ।

ਪੜ੍ਹਾਈ ਲਈ ਨਸ਼ਾ- ਹੋਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀ ਸਾਰਾ ਸਾਲ ਵਿਹਲੇ ਘੁੰਮਦੇ ਰਹਿੰਦੇ ਹਨ ਜਦੋਂ ਪੇਪਰ ਸਿਰ ਤੇ ਆਉਂਦੇ ਹਨ ਤਾਂ ਦੇਰ ਰਾਤ ਤੱਕ ਪੜਦੇ ਹਨ। ਉਹ ਨਿੱਤ ਤੋਂ ਬਚਣ ਲਈ ਨੀਂਦ ਨਾ ਆਉਣ ਵਾਲੀਆਂ ਗੋਲੀਆਂ ਖਾਂਦੇ ਹਨ। ਜਦੋਂ ਪੇਪਰਾਂ ਤੋਂ ਬਾਅਦ ਨੀਂਦ ਨਹੀਂ ਆਉਂਦੀ ਤਾਂ ਨੀਂਦ ਆਉਣ ਵਾਲੀਆਂ ਗੋਲੀਆਂ ਖਾਣ ਲੱਗ ਪੈਂਦੇ ਹਨ। ਹੌਲੀ-ਹੌਲੀ ਇਹ ਦਵਾਈਆਂ ਇਹਨਾਂ ਦੇ ਸ਼ਰੀਰਾਂ ਵਿੱਚ ਘਰ ਕਰ ਜਾਂਦੀਆਂ ਹਨ।

ਬਾਹਰਲੇ ਅਸਰ- ਨੌਜਵਾਨ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆ ਕੇ ਵੀ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਯੂ. ਪੀ. ਤੇ ਬਿਹਾਰ ਤੋਂ ਆਏ ਲੋਕਾਂ ਨੇ ਪੰਜਾਬੀਆਂ ਵਿੱਚ ਤੰਬਾਕੂ ਖਾਣ ਦੀ ਰੁਚੀ ਵਿੱਚ ਵਾਧਾ ਕਰ ਦਿੱਤਾ ਹੈ।

ਕਾਨੂੰਨ- ਸਰਕਾਰ ਨੇ ਨਸ਼ਾਬੰਦੀ ਸਬੰਧੀ ਕਈ ਕਾਨੂੰਨ ਪਾਸ ਕੀਤੇ ਹਨ ਤਾਂ ਕਿ ਲੋਕ ਨਸ਼ਿਆਂ ਤੋਂ ਦੂਰ ਰਹਿਣ, ਪਰ ਇਹਨਾਂ ਕਾਨੂੰਨਾਂ ਦਾ ਕੋਈ ਲਾਭ ਨਹੀਂ ਹੈ। ਮੁੰਬਈ ਨੂੰ ਡਰਾਈ ਏਰੀਆ ਘੋਸ਼ਿਤ ਕੀਤਾ ਗਿਆ ਹੈ ਪਰ ਫਿਰ ਵੀ ਇੱਥੇ ਚੋਰੀ-ਚੋਰੀ ਸ਼ਰਾਬ ਵਿਕਦੀ ਹੈ। ਕਈ ਡਰ ਦੇ ਮਾਰੇ ਨਸ਼ੇ ਦੀਆਂ ਗੋਲੀਆਂ ਖਾ ਕੇ ਜਾਂ ਸਿਗਰਟ ਪੀ ਕੇ ਆਪਣੀ ਇੱਛਾ ਪੂਰੀ ਕਰ ਲੈਂਦੇ ਹਨ।

 ਸਕੂਲਾਂ-ਕਾਲਜਾਂ ਵਿੱਚ ਪ੍ਰਚਾਰ- ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਕੂਲਾਂਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਵਿੱਚ ਇਹ ਪ੍ਰਚਾਰ ਕਰਾਉਣ ਕਿ ਇਸ ਦੇ ਕਿੰਨੇ ਨੁਕਸਾਨ ਹਨ। ਉਹਨਾਂ ਨੂੰ ਸਮਝਾਇਆ ਜਾਵੇ ਕਿ ਇਹ ਸਿਹਤ ਲਈ ਹਾਨੀਕਾਰਕ ਹੈ। ਸਮਾਜਿਕ ਜਥੇਬੰਦੀਆਂ ਨੂੰ ਵੀ ਨੌਜਵਾਨ ਪੀੜ੍ਹੀ ਨੂੰ ਗਿਰਾਵਟ ਦੀ ਦਲਦਲ ਵਿੱਚੋਂ ਕੱਢਣ ਲਈ ਜ਼ੋਰਦਾਰ ਕਦਮ ਚੁੱਕਣੇ ਚਾਹੀਦੇ ਹਨ ਸਰਕਾਰ ਨੂੰ ਵਿੱਦਿਅਕ ਢਾਂਚੇ ਦਾ ਸੁਧਾਰ ਕਰਦਿਆਂ ਉਸ ਨੂੰ ਰੁਜ਼ਗਰਮੁਖੀ ਬਣਾ ਕੇ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਦੇਣ ਵਾਲੇ ਕਦਮ ਚੁੱਕਣੇ ਚਾਹੀਦੇ ਹਨ।

ਸਾਰ-ਅੰਸ਼- ਨਸ਼ਿਆਂ ਦਾ ਸੇਵਨ ਇੱਕ ਬਹੁਤ ਵੱਡਾ ਧੱਬਾ ਹੈ।ਇਸ ਲਾਹਨਤ ਨੂੰ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਹੀ ਕਮਰ ਕੱਸਣੀ ਚਾਹੀਦੀ ਹੈ। ਉਹਨਾਂ ਨੂੰ ਆਪਣੇ ਨਸ਼ਾ ਲੈਣ ਵਾਲੇ ਸਾਥੀਆਂ ਨੂੰ ਸਮਝਾਉਣ ਦੇ ਯਤਨ ਕਰਨੇ ਚਾਹੀਦੇ ਹਨ। ਅਧਿਆਪਕਾਂ ਤੇ ਮਾਪਿਆਂ ਨੂੰ ਵੀ ਬੱਚਿਆਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਉਹਨਾਂ ਨੂੰ ਕੁਰਾਹੇ ਜਾਣ ਤੋਂ ਰੋਕਣ ਲਈ ਬਿਨਾਂ ਦੇਰੀ ਤੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਨੂੰ ਭਟਕਣ ਤੋਂ ਰੋਕਣਾ ਚਾਹੀਦਾ ਹੈ |

Leave a Reply