Punjabi Essay on “Mithdu nivi Nanka Gun Changiyayia tatu”, “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ”, Punjabi Essay for Class 10, Class 12 ,B.A Students and Competitive Examinations.

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ

Mithdu nivi Nanka Gun Changiyayia tatu

ਰੂਪ-ਰੇਖਾ- ਭੂਮਿਕਾ, ਜੀਵਨ ਪ੍ਰਭਾਵਾਂ ਦਾ ਸਮੂਹ, ਨਿਮਰਤਾ ਲਈ ਅਭਿਆਸ ਤੇ ਘਾਲਣਾ ਦੀ ਲੋੜ, ਮਿਠਾਸ ਨਾਲ ਕਦੇ ਹਾਰ ਨਹੀਂ ਹੁੰਦੀ, ਨੀਵਾਂ ਗੁਣਾਂ ਨਾਲ ਭਰਪੂਰ ਹੁੰਦਾ ਹੈ, ਮਿਠਾਸ ਧਾਰਨ ਦਾ ਤਰੀਕਾ, ਭਲੇ ਪੁਰਖਾਂ ਦੀ ਸੰਗਤ, ਸਾਰ-ਅੰਸ਼

 

ਭੂਮਿਕਾ- ਇਸ ਤੁਕ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ ਹੈ। ਮਿਠਾਸ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਹੈ। ਇਹ ਗੁਣ ਮਨੁੱਖੀ ਵਿਹਾਰ ਦਾ ਅਧਾਰ ਹੋਣਾ ਚਾਹੀਦਾ ਹੈ। ਜਿਸ ਮਨੁੱਖ ਵਿੱਚ ਮਿਠਾਸ ਜਾਂ ਨਿਮਰਤਾ ਨਹੀਂ ਹੁੰਦੀ ਉਹ ਕਿਸੇ ਦਾ ਦਿਲ ਨਹੀਂ ਜਿੱਤ ਸਕਦਾ। ਇੱਕ ਸਿੰਮਲ ਦਾ ਰੁੱਖ, ਜਿਹੜਾ ਫੁੱਲਾਂ, ਫੁੱਲਾਂ ਨਾਲ ਭਰਪੂਰ ਹੁੰਦਾ ਹੈ ਪਰ ਉਸ ਦੇ ਫਲ ਕਿਸੇ ਦੇ ਕੰਮ ਨਹੀਂ ਆਉਂਦੇ।ਉਹ ਉੱਚਾ, ਲੰਮਾ ਹੁੰਦਾ ਹੈ ਪਰ ਮਿਠਾਸ ਤੇ ਨਿਮਰਤਾ ਨੀਵਿਆਂ ਕੋਲ ਹੀ ਹੁੰਦੀ ਹੈ। ਜੇਕਰ ਅਸੀਂ ਕਿਸੇ ਨੂੰ ਮਾੜਾ ਬੋਲਦੇ ਹਾਂ ਤਾਂ ਉਸ ਦੇ ਮਨ ਤਨ ਤੇ ਬੁਰਾ ਅਸਰ ਤਾਂ ਪੈਂਦਾ ਹੀ ਹੈ, ਨਾਲ ਹੀ ਸਾਡੇ ਮਨ ਤਨ ਤੇ ਵੀ ਬੁਰਾ ਅਸਰ ਹੁੰਦਾ ਹੈ। ਮਾੜਾ ਬੋਲਣ ਵਾਲੇ ਨੂੰ ਸਭ ਮਾੜਾ ਹੀ ਆਖਦੇ ਹਨ। ਗੁਰੂ ਨਾਨਕ ਦੇਵ ਜੀ ਦੀ ਤੁਕ ਦੇ ਅਨੁਸਾਰ-

 

ਨਾਨਕ ਫਿੱਕਾ ਬੋਲੀਐ, ਤਨੁ ਮਨੁ ਫਿਕਾ ਹੋਇ॥

ਫਿਕੋ ਫਿਕਾ ਸਦੀਐ, ਛਿੱਕੇ, ਫਿਕੀ ਸੋਇ ॥

 

ਜੀਵਨ ਪ੍ਰਭਾਵਾਂ ਦਾ ਸਮੂਹ- ਮਨੁੱਖ ਦੇ ਜੀਵਨ ਵਿੱਚ ਹਰ ਪ੍ਰਕਾਰ ਦੇ ਪ੍ਰਭਾਵਾਂ ਦਾ ਸਮੂਹ ਹੁੰਦਾ ਹੈ। ਮਨੁੱਖੀ ਜੀਵਨ ਤੇ ਵਾਤਾਵਰਨ ਦਾ ਬਹੁਤ ਅਸਰ ਪੈਂਦਾ ਹੈ | ਉਸ ਤੇ ਸੰਗਤ ਦਾ ਵੀ ਬਹੁਤ ਅਸਰ ਹੁੰਦਾ ਹੈ। ਜੇ ਉਹ ਚੋਰ, ਜੁਆਰੀਏ ਜਾਂ ਸ਼ਰਾਬੀ ਦੀ ਸੰਗਤ ਕਰਦਾ ਹੈ ਤਾਂ ਉਹਨਾਂ ਵਰਗਾ ਬਣ ਜਾਂਦਾ ਹੈ। ਜੇ ਉਹ ਪ੍ਰਭ ਦਾ ਨਾਮ ਜਪਣ ਵਾਲੇ ਨਿਮਰ ਬੰਦੇ ਨਾਲ ਬੈਠਦਾ-ਉਠਦਾ ਹੈ ਤਾਂ ਉਸ ਦੀ ਜ਼ਬਾਨ ਵਿੱਚ ਵੀ ਮਿਠਾਸ ਆ ਜਾਂਦੀ ਹੈ।

ਨਿਮਰਤਾ ਲਈ ਅਭਿਆਸ ਤੇ ਘਾਲਣਾ ਦੀ ਲੋੜ- ਨਿਮਰਤਾ ਇੱਕ ਅਨਮੋਲ ਗਹਿਣਾ ਹੈ, ਇਸ ਦੀ ਪ੍ਰਾਪਤੀ ਹਰ ਇੱਕ ਨੂੰ ਨਹੀਂ ਹੋ ਸਕਦੀ। ਇਸ ਲਈ ਸਬਰਸੰਤੋਖ ਤੇ ਸਖ਼ਤ ਘਾਲਣਾ ਦੀ ਜ਼ਰੂਰਤ ਹੁੰਦੀ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਨੁੱਖੀ ਮਿਠਾਸ ਤੇ ਨਿਮਰਤਾ ਪ੍ਰਾਪਤ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਅੱਜ ਦੇ ਯੁੱਗ ਵਿੱਚ ਹਰ ਆਦਮੀ ਆਪਣੇ ਆਪ ਨੂੰ ਉੱਚਾ ਸਮਝਦਾ ਹੈ। ਦੂਜਾ ਸਮਝਦਾ ਹੈ ਕਿ ਇਹ ਮੇਰੇ ਅੱਗੇ ਕੀ ਚੀਜ਼ ਹੈ ? ਕਈ ਵਾਰ ਕਈ ਮਨੁੱਖ ਮਿਠਾਸ ਤੇ ਨਿਮਰਤਾ ਦਾ ਦਿਖਾਵਾ ਕਰਦੇ ਹਨ ਪਰ ਕਿਸੇ ਦੀ ਬੇਇਜ਼ਤੀ ਕਰਦਿਆਂ ਇੱਕ ਮਿੰਟ ਲਾਉਂਦੇ ਹਨ।

ਮਿਠਾਸ ਨਾਲ ਕਦੇ ਹਾਰ ਨਹੀਂ ਹੁੰਦੀ- ਮਨੁੱਖ ਭਾਵੇਂ ਕਿੰਨਾ ਵੀ ਗਿਆਨੀ ਹੋਵੇ ਪਰ ਜੇ ਉਹ ਕੌੜਾ ਬੋਲਦਾ ਹੈ ਤਾਂ ਉਸ ਦਾ ਗਿਆਨ ਵਿਅਰਥ ਹੈ। ਮਿੱਠਾ ਬੋਲਣ ਵਾਲਾ ਹਮੇਸ਼ਾ ਸੁਖੀ ਰਹਿੰਦਾ ਹੈ ਤੇ ਉਹ ਕਦੇ ਧੋਖਾ ਨਹੀਂ ਖਾਂਦਾ। ਕਈਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਵਿਅਕਤੀ ਗੁੱਸੇ ਨਾਲ ਭਰਿਆ ਹੋਇਆ ਦੂਜੇ ਨਾਲ ਲੜਨ ਲਈ ਪਹੁੰਚਦਾ ਹੈ ਪਰ ਦੂਜਾ ਵਿਅਕਤੀ ਬੜੀ ਨਿਮਰਤਾ ਨਾਲ ਉਸ ਦਾ ਸੁਆਗਤ ਕਰਦਾ ਹੈ ਤਾਂ ਉਸ ਦਾ ਗੁੱਸਾ ਕਾਫ਼ੀ ਹੱਦ ਤੱਕ ਠੰਢਾ ਹੋ ਜਾਂਦਾ ਹੈ। ਅੱਗ ਦੀਆਂ ਲਾਟਾਂ ਹਮੇਸ਼ਾ ਉੱਪਰ ਵੱਲ ਨੂੰ ਜਾਂਦੀਆਂ ਹਨ, ਉਹ ਨੀਵੇਂ ਪਾਸੇ ਆਉਣ ਦੀਆਂ ਆਦੀ ਨਹੀਂ ਹੁੰਦੀਆਂ ਇਸ ਦੇ ਉਲਟ ਪਾਣੀ ਹਮੇਸ਼ਾ ਨੀਵੇਂ ਪਾਸੇ ਵੱਲ ਹੀ ਵਗਦਾ ਹੈ। ਜੇ ਬਲਦੀ ਅੱਗ ਵਿੱਚ ਪਾਣੀ ਪਾਈਏ ਤਾਂ ਅੱਗ ਵੀ ਠੰਢੀ ਹੋ ਜਾਂਦੀ ਹੈ। ਜੇ ਦੋ ਵਿਅਕਤੀ ਗੁੱਸੇ ਨਾਲ ਗੱਲ ਕਰ ਰਹੇ ਹੋਣ ਤਾਂ ਝਗੜਾ ਵੱਧ ਜਾਂਦਾ ਹੈ ਪਰ ਜੇ ਉਹਨਾਂ ਵਿੱਚੋਂ ਇੱਕ ਨਿਮਰ ਹੋਵੇਂ ਤਾਂ ਝਗੜਾ ਠੰਢਾ ਪੈ ਜਾਂਦਾ ਹੈ। ਨਿਮਰ ਵਿਅਕਤੀ ਸਾਰਿਆਂ ਦੇ ਮਨਾਂ ਵਿੱਚ ਆਪਣੀ ਇੱਜ਼ਤ ਵੀ ਬਣਾ ਲੈਂਦਾ ਹੈ। ਸੋ ਮਿਠਾਸ ਨਾਲ ਮਨੁੱਖ ਹਾਰਦਾ ਨਹੀਂ ਸਗੋਂ ਸਭ ਦੀਆਂ ਨਜ਼ਰਾਂ ਵਿੱਚ ਉੱਚਾ ਹੋ ਜਾਂਦਾ ਹੈ ।

 

ਨੀਵਾਂ ਗੁਣਾਂ ਨਾਲ ਭਰਪੂਰ ਹੁੰਦਾ ਹੈ- ਇੱਕ ਰੁੱਖ ਜੋ ਫਲਾਂ ਨਾਲ ਭਰਿਆ ਹੋਵੇ ਹਮੇਸ਼ਾ ਝੁਕਿਆ ਹੁੰਦਾ ਹੈ। ਸਾਡੇ ਧਾਰਮਿਕ ਗ੍ਰੰਥ ਵੀ ਸਾਨੂੰ ਨਿਮਰਤਾ ਦਾ ਸੰਦੇਸ਼ ਦਿੰਦੇ ਹਨ ਜਿਵੇਂ-

ਧਰ ਤਰਾਜੂ ਤੋਲੀਐ, ਨਿਵੈ ਸੁ ਗਉਰਾ ਹੋਇ ।

ਭਾਵ ਅਸੀਂ ਜਦੋਂ ਵੀ ਕਿਸੇ ਚੀਜ਼ ਨੂੰ ਤਕੜੀ ਵਿੱਚ ਪਾ ਕੇ ਤੋਲਦੇ ਹਾਂ ਤਾਂ। ਭਾਰਾ ਪਾਸਾ ਹਮੇਸ਼ਾ ਨੀਵਾਂ ਹੀ ਰਹਿੰਦਾ ਹੈ। ਸ਼ਿਕਾਰੀ ਵੀ ਜਦੋਂ ਹਿਰਨ ਦਾ ਸ਼ਿਕਾਰ ਕਰਦਾ ਹੈ ਤਾਂ ਉਸ ਨੂੰ ਸ਼ਿਕਾਰ ਕਰਨ ਲਈ ਨੀਵਾਂ ਹੋਣਾ ਪੈਂਦਾ ਹੈ, ਪਰ ਉਹ ਪਾਪ ਕਰਨ ਲਈ ਨੀਵਾਂ ਹੁੰਦਾ ਹੈ ਨਾ ਕਿ ਕਿਸੇ ਦੇ ਭਲੇ ਲਈ । ਪਾਪੀ ਪੁਰਸ਼ ਗੁਣਾਂ ਵਿੱਚ ਸਭ ਤੋਂ ਨੀਵਾਂ ਹੁੰਦਾ ਹੈ-

ਅਪਰਾਧੀ ਦੂਣਾ ਨਿਵੇ, ਜਿਉ ਹੰਤਾ ਮ੍ਰਿਘਾਏ।

ਪਾਪੀ ਪੁਰਸ਼ ਪਾਖੰਡੀ ਹੁੰਦਾ ਹੈ, ਉਹ ਨੀਵਾਂ ਹੋਣ ਦਾ ਦਿਖਾਵਾ ਕਰਦਾ ਹੈ, ਪਰੰਤੂ ਅਜਿਹੀ ਮਿੱਤਰਤਾ ਕਿਸੇ ਕੰਮ ਦੀ ਨਹੀਂ ਕਿਉਂਕਿ ਉਸ ਦੇ ਮਨ ਵਿੱਚ ਖੋਟ ਹੁੰਦਾ ਹੈ। ਮਿਠਾਸ ਤੇ ਨਿਮਰਤਾ ਅਕਸਰ ਮਹਾਪੁਰਖਾਂ ਵਿੱਚ ਹੀ ਵੇਖਣ ਨੂੰ ਮਿਲਦੀ ਹੈ ਕਿਉਂਕਿ ਮਿਠਾਸ ਤੇ ਨਿਮਰਤਾ ਨੂੰ ਹਿਣ ਕਰਨ ਲਈ ਆਪਣੇ ਹੰਕਾਰ ਨੂੰ ਮਾਰਨਾ ਪੈਂਦਾ ਹੈ। ਇਸ ਹੰਕਾਰ ਦੇ ਰੋਗ ਤੋਂ ਮਹਾਂਪੁਰਖ ਲੋਕ ਮੁਕਤ ਹੁੰਦੇ ਹਨ। ਇਹੋ ਜਿਹੇ ਗੁਣ ਬਹੁਤ ਹੀ ਘੱਟ ਲੋਕਾਂ ਵਿੱਚ ਦੇਖਣ ਨੂੰ ਮਿਲਦੇ ਹਨ। ਤੀਸਰੇ ਗੁਰੂ ਗੁਰੂ ਅਮਰਦਾਸ ਜੀ ਨੂੰ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਗੱਦੀ ਸੌਂਪੀ ਤਾਂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਨੇ ਗੁੱਸੇ ਵਿੱਚ ਆ ਕੇ ਉਹਨਾਂ ਦੇ ਲੱਤ ਮਾਰੀ ਤਾਂ ਗੁਰੂ ਅਮਰਦਾਸ ਜੀ ਬੜੀ ਨਿਮਰਤਾ ਨਾਲ ਉਸ ਦਾ ਪੈਰ ਘੁੱਟਣ ਲੱਗ ਪਏ ਤੇ ਬੜੇ ਨਿਮਾਣੇ ਹੋ ਕੇ ਪੁੱਛਿਆ, “ਕਿਧਰੇ ਸੱਟ ਤਾਂ ਨਹੀਂ ਲੱਗੀ। ਇਹ ਹੁੰਦੀ ਹੈ ਸਹੀ ਅਰਥਾਂ ਵਿੱਚ ਨਿਮਰਤਾ।

ਮਿਠਾਸ ਧਾਰਨ ਦਾ ਤਰੀਕਾ- ਗੁੱਸੇ ਵਿੱਚ ਆ ਕੇ ਅਕਸਰ ਮਨੁੱਖ ਅਪਰਾਧ ਕਰ ਬੈਠਦਾ ਹੈ, ਜਿਸ ਦੇ ਭਿਆਨਕ ਨਤੀਜੇ ਨਿਕਲਦੇ ਹਨ। ਮਿਠਾਸ ਧਾਰਨ ਕਰਨ ਲਈ ਸਾਨੂੰ ਹਰ ਇੱਕ ਦਾ ਸਨਮਾਨ ਕਰਨਾ ਚਾਹੀਦਾ ਹੈ ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ । ਨਿੰਦਿਆ-ਚੁਗਲੀ ਤੋਂ ਦੂਰ ਰਹਿਣਾ ਚਾਹੀਦਾ ਹੈ। ਦੁਸ਼ਮਣ ਵੀ ਘਰ ਆਵੇ ਤਾਂ ਉਸ ਨਾਲ ਪਿਆਰ ਨਾਲ ਬੋਲਣਾ ਚਾਹੀਦਾ ਹੈ। ਹਰ ਇੱਕ ਦਾ ਭਲਾ ਕਰੋ, ਕਿਸੇ ਨੂੰ ਨਫ਼ਰਤ ਨਾ ਕਰੋ। ਇਸ ਤਰ੍ਹਾਂ ਦੀ ਜ਼ਬਾਨ ਜਾਂ ਇਸ ਤਰ੍ਹਾਂ ਭਾਸ਼ਾ ਦੀ ਵਰਤੋਂ ਕਰੋ, ਜਿਸ ਵਿੱਚ ਮਿਠਾਸ ਹੋਵੇ। ਕੌੜਾਪਨ ਹਮੇਸ਼ਾ ਈਰਖਾ ਪੈਦਾ ਕਰਦਾ ਹੈ। ਮਿਠਾਸ ਤੇ ਨਿਮਰਤਾ ਗੁਣਾਂ ਤੋਂ ਚੰਗਿਆਈਆਂ ਦਾ ਤੱਤ ਹੈ।ਨਿਮਰ ਆਦਮੀ ਨੂੰ ਹਰ ਥਾਂ ਤੇ ਮਾਣ ਸਤਿਕਾਰ ਮਿਲਦਾ ਹੈ

ਭਲੇ ਪੁਰਸ਼ਾਂ ਦੀ ਸੰਗਤ – ਨਿਮਰਤਾ ਤੇ ਮਿਠਾਸ ਅਜਿਹੇ ਗੁਣ ਹਨ, ਜੋ ਭਲੇ ਲੋਕਾਂ ਦੀ ਸੰਗਤ ਵਿੱਚ ਰਹਿ ਕੇ ਹੀ ਸਿੱਖੇ ਜਾ ਸਕਦੇ ਹਨ। ਵੱਡੇ ਆਦਮੀ ਅਤੇ ਖ਼ਾਨਦਾਨੀ ਆਦਮੀ ਵਿੱਚ ਕਦੇ ਹਉਮੈ ਨਹੀਂ ਹੁੰਦੀ, ਉਹ ਹਮੇਸ਼ਾ ਨਿਮਰ ਹੁੰਦਾ ਹੈ। ਉਹ ਹਮੇਸ਼ਾ ਮਾਣ ਸਤਿਕਾਰ ਪ੍ਰਾਪਤ ਕਰਦਾ ਹੈ। ਆਪਣੇ ਅੰਦਰ ਇਹਨਾਂ ਗੁਣਾਂ ਨੂੰ ਸਾਕਾਰ ਕਰਨ ਲਈ ਹਮੇਸ਼ਾ ਭਲੇ ਆਦਮੀ ਦੀ ਸੰਗਤ ਕਰਨੀ ਚਾਹੀਦੀ ਹੈ।

ਸਾਰ-ਅੰਸ਼- ਗੁਰੂ ਜੀ ਨੇ ਸਾਨੂੰ ਜਿੰਦਗੀ ਦਾ ਇੱਕ ਡੂੰਘਾ ਭੇਦ ਸਮਝਾਉਣ ਦੀ ਕੋਸ਼ਸ਼ ਕੀਤੀ ਹੈ। ਜੇ ਅਸੀਂ ਮਿਠਾਸ ਤੇ ਨਿਮਰਤਾ ਦੇ ਗੁਣਾਂ ਨੂੰ ਅਪਣਾ ਲਈਏ ਤਾਂ ਅਸੀਂ ਹਰ ਥਾਂ ਤੇ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਅੱਜ ਹਰ ਇਨਸਾਨ ਆਪਣੇ ਆਪ ਨੂੰ ਦੂਸਰੇ ਤੋਂ ਵੱਧ ਕੇ ਸਮਝਦਾ ਹੈ। ਕਈ ਮਨੁੱਖ ਤਾਂ ਦੂਸਰੇ ਨੂੰ ਨੀਵਾਂ ਦਿਖਾਉਣ ਲਈ ਨਿਮਰ ਬਣ ਕੇ ਹੀ ਕਿਸੇ ਵੀ ਹੱਦ ਨੂੰ ਪਾਰ ਕਰ ਜਾਂਦੇ ਹਨ। ਜਿਹੜਾ ਮਨੁੱਖ ਸਹੀ ਅਰਥਾਂ ਵਿੱਚ ਇਸ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਦੁਨੀਆਂ ਉਸ ਦੇ ਪਿੱਛੇ ਲੱਗਦੀ ਹੈ ਤੇ ਸਭ ਦੀ ਅਗਵਾਈ ਕਰਨ ਦੇ ਯੋਗ ਬਣ ਜਾਂਦਾ ਹੈ। ਆਗੂ ਬਣਨ ਦੀ ਸ਼ਕਤੀ ਨਿਮਰਤਾ ਤੇ ਮਿਠਾਸ ਨਾਲ ਹੀ ਆਉਂਦੀ ਹੈ ਕਿਉਂਕਿ ਇਹ ਸਾਰੇ ਗੁਣਾਂ ਦਾ ਤੱਤ ਹੈ।

Leave a Reply