Punjabi Essay on “Mera Daily Routine ”, “ਮੇਰਾ ਰੋਜ਼ਾਨਾ ਜੀਵਨ-ਪ੍ਰੋਗਰਾਮ”, Punjabi Essay for Class 10, Class 12 ,B.A Students and Competitive Examinations.

ਮੇਰਾ ਰੋਜ਼ਾਨਾ ਜੀਵਨ-ਪ੍ਰੋਗਰਾਮ

Mera Daily Routine 

ਜਾਣ-ਪਛਾਣ : ਹਰੇਕ ਮਨੁੱਖ ਦੀ ਰੋਜ਼ਾਨਾ ਰਹਿਣੀ-ਬਹਿਣੀ ਉਸ ਦੀ ਸ਼ਖਸੀਅਤ ਦਾ ਸ਼ੀਸ਼ਾ ਹੁੰਦਾ ਹੈ। ਉਸ ਦੇ ਰੋਜ਼ਾਨਾ ਜੀਵਨ ਤੋਂ ਹੀ ਉਸ ਦੀਆਂ ਆਦਤਾਂ ਅਤੇ ਰੁਚੀਆਂ ਦਾ ਪਤਾ ਲੱਗਦਾ ਹੈ। ਮੈਂ ਬੜੀਆਂ ਸਾਦਾ ਆਦਤਾਂ ਰੱਖਦਾ ਹਾਂ ਅਤੇ ਸਾਦੇ ਜੀਵਨ ਨੂੰ ਬੜਾ ਪਸੰਦ ਕਰਦਾ ਹੈ। ਮੇਰਾ ਰੋਜ਼ਾਨਾ ਜੀਵਨ ਮੇਰੀਆਂ ਆਦਤਾਂ ਅਤੇ ਰੁਚੀਆਂ ਨੂੰ ਚੰਗੀ ਤਰ੍ਹਾਂ ਪ੍ਰਗਟ ਕਰਦਾ ਹਾਂ।

ਸਵੇਰੇ ਉੱਠਣਾ : ਮੈਂ ਰੋਜ਼ ਸਵੇਰੇ 5 ਵਜੇ ਉੱਠਦਾ ਹਾਂ। ਮੈਂ ਸਵੇਰੇ ਉੱਠਣ ਨੂੰ ਜੀਵਨ ਦੀ ਸਭ ਤੋਂ ਵੱਡੀ ਦਾਤ ਸਮਝਦਾ ਹਾਂ। ਮੈਂ ਇਸ ਸੰਬੰਧੀ ਆਪਣੇ ਅਧਿਆਪਕ ਸਾਹਿਬ ਦੇ । ਬਚਨ ਸਦਾ ਯਾਦ ਰੱਖਦਾ ਹਾਂ ਕਿ ਸਵੇਰੇ-ਸਵੇਰੇ ਉੱਠਣਾ ਸਿਹਤ, ਦੌਲਤ ਅਤੇ ਸਿਆਣਪ ਦਾ ਖ਼ਜ਼ਾਨਾ ਹੈ।

ਸਵੇਰ ਦੀ ਸੈਰ ਅਤੇ ਇਸ਼ਨਾਨ : ਸਵੇਰੇ ਉੱਠਣ ਦੇ ਨਾਲ ਹੀ ਮੈਂ ਸਵੇਰੇ-ਸਵੇਰੇ ਇਸ਼ਨਾਨ ਕਰਨ ਵਿਚ ਵਿਸ਼ਵਾਸ ਰੱਖਦਾ ਹਾਂ। ਇਸ਼ਨਾਨ ਕਰਨ ਮਗਰੋਂ ਮੈਂ ਪ੍ਰਾਰਥਨਾ ਕਰਦਾ ਹਾਂ ਅਤੇ ਫਿਰ ਸੈਰ ਨੂੰ ਜਾਂਦਾ ਹਾਂ। ਮੈਂ ਰੋਜ਼ ਸਵੇਰੇ ਨਹਿਰ ਦੇ ਕੰਢੇ ਜਾਂ ਕੰਪਨੀ ਬਾਗ ਵੱਲ ਸੈਰ ਨੂੰ ਜਾਂਦਾ ਹਾਂ। ਇਹ ਦੋਵੇਂ ਅਸਥਾਨ ਸ਼ਹਿਰ ਤੋਂ ਦੋ ਮੀਲ ਦੇ ਫ਼ਾਸਲੇ ਉੱਤੇ ਹਨ ਅਤੇ ਸ਼ਹਿਰ ਦੇ ਦੋ ਵੱਖ-ਵੱਖ ਪਾਸੇ ਹਨ। ਇਸ ਲਈ ਮੈਂ ਸੈਰ ਨੂੰ ਜਿਹੜੇ ਪਾਸੇ ਵੀ ਜਾਵਾਂ ਘੱਟ ਤੋਂ ਘੱਟ ਚਾਰ ਮੀਲ ਦੀ ਸੈਰ ਹਰ ਰੋਜ਼ ਸਵੇਰੇ ਕਰਦਾ ਹਾਂ। ਇਸ ਨਾਲ ਮੇਰੀ ਸਿਹਤ ਸਦਾ ਠੀਕ ਰਹਿੰਦੀ ਹੈ ਅਤੇ ਮੈਨੂੰ ਸਾਰਾ ਦਿਨ ਕੰਮ ਕਰ ਕੇ ਵੀ ਥਕਾਵਟ ਨਹੀਂ ਹੁੰਦੀ। ਮੈਂ ਸੈਰ ਤੋਂ 7 ਵਜੇ ਸਵੇਰੇ ਵਾਪਸ ਆਉਂਦਾ ਹਾਂ। ਇਸ ਮਗਰੋਂ ਮੈਂ ਨਾਸ਼ਤਾ ਕਰਦਾ ਹਾਂ ਅਤੇ ਲਗਭਗ ਦੋ ਘੰਟੇ ਆਪਣੀ ਪੜ੍ਹਾਈ ਕਰਦਾ ਹਾਂ।

ਨਾਸ਼ਤਾ ਅਤੇ ਸਕੂਲ ਲਈ ਜਾਣਾ : ਇਸ ਮਗਰੋਂ ਮੈਂ ਆਪਣੇ ਸਕੂਲ ਦੀ ਯੂਨੀਫਾਰਮ ਪਾ ਕੇ ਸਾਢੇ ਨੌਂ ਵਜੇ ਸਕੂਲ ਲਈ ਘਰੋਂ ਚੱਲ ਪੈਂਦਾ ਹਾਂ। ਮੇਰਾ ਸਕੂਲ ਸਾਡੇ ਘਰ ਤੋਂ ਬਹੁਤ ਦੂਰ ਨਹੀਂ ਹੈ। ਇਸ ਲਈ ਮੈਂ ਪੈਦਲ ਹੀ ਸਕੂਲ ਜਾਂਦਾ ਹਾਂ। ਮੈਂ ਸਕੂਲ ਲੱਗਣ ਤੋਂ ਪੰਜ ਮਿੰਟ ਪਹਿਲਾਂ ਉੱਥੇ ਪਹੁੰਚ ਜਾਂਦਾ ਹਾਂ। ਮੈਂ ਸਕੂਲ ਵਿਚ ਬੜਾ ਦਿਲ ਲਗਾ ਕੇ ਪੜ੍ਹਦਾ ਹਾਂ ਅਤੇ ਹਰੇਕ ਅਧਿਆਪਕ ਵਲੋਂ ਪੜਾਏ ਹੋਏ ਪਾਠ ਵੱਲ ਪੂਰਾ-ਪੂਰਾ ਧਿਆਨ ਦੇਂਦਾ ਹਾਂ। ਮੈਂ ਕਦੀ ਸਕੂਲ ਵਿਚ ਕੋਈ ਸ਼ਰਾਰਤ ਨਹੀਂ ਕਰਦਾ। ਅੱਧੀ ਛੁੱਟੀ ਵੇਲੇ ਮੈਂ ਘਰੋਂ ਲਿਆਇਆ ਹੋਇਆ ਖਾਣਾ ਖਾਂਦਾ ਹਾਂ ਅਤੇ ਕਿਸੇ ਰੇਹੜੀ ਵਾਲੇ ਕੋਲੋਂ ਕੋਈ ਗੰਦੀ ਚੀਜ਼ ਲੈ ਕੇ ਨਹੀਂ ਖਾਂਦਾ। ਮੈਂ ਸਕੂਲ ਦੇ ਹਰੇਕ ਪੀਰੀਅਡ ਵਿਚ ਆਪਣੇ ਅਧਿਆਪਕ ਦੀ ਆਗਿਆ ਦਾ ਪਾਲਣ ਕਰਦਾ ਹਾਂ। ਮੈਂ ਕੋਈ ਪੀਰੀਅਡ ਵੀ ਨਹੀਂ ਛੱਡਦਾ। ਡਿਰਿਲ (Dill) ਦੇ ਪੀਰੀਅਡ ਵਿਚ ਮੈਂ ਬੜੇ ਧਿਆਨ ਨਾਲ ਡਰਿਲ ਕਰਦਾ ਹਾਂ ਅਤੇ ਉਸ ਤੋਂ ਵੀ ਪੂਰਾ-ਪੂਰਾ ਲਾਭ ਉਠਾਉਂਦਾ ਹਾਂ।

ਸਕੂਲ ਚੋਂ ਵਾਪਸੀ : ਮੈਂ ਸਕੂਲੋਂ ਸਾਢੇ ਚਾਰ ਵਜੇ ਵਾਪਸ ਆਉਂਦਾ ਹਾਂ।ਉਸ ਵੇਲੇ ਮੈਂ ਦੁੱਧ ਪੀਂਦਾ ਹਾਂ ਅਤੇ ਥੋੜਾ ਜਿੰਨਾ ਆਰਾਮ ਕਰਦਾ ਹਾਂ। ਉਸ ਮਗਰੋਂ ਮੈਂ ਸਕੂਲ ਦੇ ਖੇਡ-ਮੈਦਾਨ ਵਿਚ ਹਾਕੀ ਖੇਡਣ ਜਾਂਦਾ ਹਾਂ। ਮੈਂ ਸਕੂਲ ਦੀ ਪ੍ਰਥਮ ਹਾਕੀ ਟੀਮ ਦਾ ਮੈਂਬਰ ਹਾਂ। ਇਸ ਲਈ ਮੈਂ ਰੋਜ਼ਾਨਾ ਸ਼ਾਮ ਨੂੰ ਹਾਕੀ ਖੇਡਣ ਜ਼ਰੂਰ ਜਾਂਦਾ ਹਾਂ।

ਮੈਂ ਸਕੂਲ ਦੀ ਗਰਾਊਂਡ ਤੋਂ ਸਾਢੇ ਛੇ ਵਜੇ ਸ਼ਾਮ ਨੂੰ ਵਾਪਿਸ ਆਉਂਦਾ ਹਾਂ ਅਤੇ ਕੱਪੜੇ ਬਦਲ ਕੇ ਥੋੜਾ ਜਿਹਾ ਆਰਾਮ ਕਰਦਾ ਹਾਂ। ਉਸ ਮਗਰੋਂ ਮੈਂ ਇਕ ਘੰਟਾ ਆਪਣੀ ਪੜਾਈ ਕਰਦਾ ਹਾਂ ਅਤੇ ਸਕੂਲ ਵਲੋਂ ਮਿਲਿਆ ਹੋਇਆ ਕੰਮ ਕਰਦਾ ਹਾਂ।

ਰਾਤ ਦਾ ਭੋਜਨ ਅਤੇ ਪੜਾਈ : ਇਸ ਮਗਰੋਂ ਮੈਂ ਰਾਤ ਦੀ ਰੋਟੀ ਖਾਂਦਾ ਹਾਂ ਅਤੇ ਥੋੜੀ ਜਿੰਨੀ ਸੈਰ ਕਰਦਾ ਹਾਂ। ਸੈਰ ਤੋਂ ਵਾਪਸ ਆ ਕੇ ਮੈਂ ਦੋ ਘੰਟੇ ਪੜ੍ਹਦਾ ਹਾਂ ਅਤੇ ਰਾਤ ਨੂੰ 10 ਵਜੇ ਸੌਂ ਜਾਂਦਾ ਹਾਂ। ਮੈਂ ਰਾਤ ਨੂੰ 10 ਵਜੇ ਤੱਕ ਹੀ ਜਾਗਦਾ ਰਹਿੰਦਾ ਹਾਂ। ਉਸ ਮਗਰੋਂ ਜ਼ਰੂਰ ਸੌਂ ਜਾਂਦਾ ਹਾਂ ਤਾਂ ਜੋ ਦੂਜੇ ਦਿਨ ਫਿਰ ਸਵੇਰੇ ਉੱਠ ਸਕਾਂ।

ਐਤਵਾਰ ਦਾ ਪ੍ਰੋਗਰਾਮ : ਇਹ ਤਾਂ ਮੇਰਾ ਸਾਧਾਰਨ ਪ੍ਰੋਗਰਾਮ ਹੈ। ਐਤਵਾਰ ਨੂੰ ਜਾਂ ਛੁੱਟੀ ਵਾਲੇ ਦਿਨ ਇਸ ਵਿਚ ਥੋੜੀ ਜਿੰਨੀ ਤਬਦੀਲੀ ਇਹ ਹੁੰਦੀ ਹੈ ਕਿ ਮੈਂ ਕਿਸੇ ਮਿੱਤਰ ਨਾਲ ਪਿਕਚਰ ਵੇਖਣ ਜਾਂ ਸੈਰ ਸਪਾਟਾ ਕਰਨ ਜਾਂਦਾ ਹਾਂ। ਮੈਂ ਮਹੀਨੇ ਵਿਚ ਇਕ ਵਾਰ ਤੋਂ ਵੱਧ ਪਿਕਚਰ ਵੇਖਣ ਨਹੀਂ ਜਾਂਦਾ। ਮੈਨੂੰ ਟੈਲੀਵਿਜ਼ਨ ਵੇਖਣ ਦਾ ਬਹੁਤਾ ਸ਼ੌਕ ਨਹੀਂ ਹੈ, ਇਸ ਲਈ ਮੈਂ ਟੈਲੀਵਿਜ਼ਨ ਵੇਖਣ ਉੱਤੇ ਆਪਣਾ ਬਹੁਤਾ ਸਮਾਂ ਬੇਕਾਰ ਨਹੀਂ ਕਰਦਾ। ਜੇ ਕਿਸੇ ਵੇਲੇ ਕੋਈ ਬੜਾ ਚੰਗਾ ਪ੍ਰੋਗਰਾਮ ਹੋਵੇ ਤਾਂ ਦਸ ਪੰਦਰਾਂ ਮਿੰਟਾਂ ਲਈ ਵੇਖ ਲੈਂਦਾ ਹਾਂ।

ਮਾਤਾ-ਪਿਤਾ ਦੇ ਕੰਮ ਵਿਚ ਹੱਥ ਵਟਾਉਣਾ : ਆਪਣੇ ਜੀਵਨ ਦਾ ਇਹ ਰੋਜ਼ਾਨਾ ਪ੍ਰੋਗਰਾਮ ਨਿਭਾਉਣ ਦੇ ਨਾਲ ਹੀ ਮੈਂ ਆਪਣੇ ਮਾਤਾ ਪਿਤਾ ਦਾ ਹਰੇਕ ਕੰਮ ਵਿਚ ਹੱਥ ਵਟਾਉਂਦਾ ਹਾਂ। ਮੈਂ ਪਿਤਾ ਜੀ ਵਲੋਂ ਮਿਲਿਆ ਹੋਇਆ ਹਰ ਛੋਟਾ ਵੱਡਾ ਕੰਮ ਕਰਦਾ ਹਾਂ, ਜਿਵੇਂ ਡਾਕਖਾਨੇ ਜਾ ਕੇ ਚਿੱਠੀਆਂ ਪਾਉਣਾ, ਮਨੀਆਰਡਰ ਕਰਾਉਣਾ ਆਦਿ। ਇਸੇ ਤਰ੍ਹਾਂ ਮਾਤਾ ਜੀ ਵੱਲੋਂ ਮਿਲਿਆ ਹੋਇਆ ਹਰੇਕ ਕੰਮ ਵੀ ਬੜੀ ਖੁਸ਼ੀ ਨਾਲ ਕਰਦਾ ਹਾਂ, ਜਿਵੇਂ ਬਜ਼ਾਰੋਂ ਕੋਈ ਖਾਣ ਪੀਣ ਦੀ ਜਾਂ ਹੋਰ ਕੋਈ ਚੀਜ਼ ਲਿਆਉਣਾ।

ਮੇਰੇ ਜੀਵਨ ਦੇ ਰੋਜ਼ਾਨਾ ਪ੍ਰੋਗਰਾਮ ਤੋਂ ਪਤਾ ਲੱਗਦਾ ਹੈ ਕਿ ਮੈਂ ਸਾਦਾ ਆਦਤਾਂ ਰੱਖਦਾ ਹੋਇਆ ਆਪਣੇ ਹਰੇਕ ਫ਼ਰਜ਼ ਪੂਰੀ ਤਰ੍ਹਾਂ ਨਿਭਾਉਂਦਾ ਹਾਂ। ਜਦ ਤੱਕ ਮੈਂ ਸਕੂਲ ਵਿਚ ਪੜ੍ਹਦਾ ਹਾਂ ਮੈਂ ਇਸੇ ਰੋਜ਼ਾਨਾ ਪ੍ਰੋਗਰਾਮ ਅਨੁਸਾਰ ਹੀ ਆਪਣਾ ਜੀਵਨ ਬਿਤਾਵਾਂਗਾ। ਇਸ ਮਗਰੋਂ ਜਦ ਕਿਸੇ ਕਾਲਜ ਵਿਚ ਦਾਖਲ ਹੋਵਾਂਗਾ ਤਾਂ ਮੇਰੇ ਰੋਜ਼ਾਨਾ ਜੀਵਨ ਵਿਚ ਕੁਝ ਨਾ ਕੁਝ ਪਰਿਵਰਤਨ ਜ਼ਰੂਰ ਆਏਗਾ, ਪਰ ਫਿਰ ਵੀ ਮੇਰਾ ਰੋਜ਼ਾਨਾ ਜੀਵਨ ਬੜਾ ਸਾਦਾ ਰਹੇਗਾ।

Leave a Reply