Punjabi Essay on “ਗਣਤੰਤਰ ਦਿਵਸ”, “Gantantra Diwas” Punjabi Essay, Paragraph, Speech for Class 8, 9, 10, 12 Students Examination.

ਗਣਤੰਤਰ ਦਿਵਸ

 

ਇਹ ਛੱਬੀ ਜਨਵਰੀ ਆ ਕੇ ਕਹਿੰਦੀ ਹੈ ਹਰ ਵਾਰ।

ਸੰਘਰਸ਼ਾਂ ਨਾਲ ਹੀ ਮਿਲਦਾ ਹੈ ਜੀਣ ਦਾ ਅਧਿਕਾਰ।”

ਭੂਮਿਕਾ– ਉਨ੍ਹਾਂ ਅਮਰ ਸ਼ਹੀਦਾਂ ਦੇ ਚਰਨਾਂ ਵਿਚ ਸੌ-ਸੌ ਵਾਰ ਪ੍ਰਨਾਮ ਹੈ, ਜਿਹਨਾਂ ਨੇ ਸੁਤੰਤਰਤਾ ਸੰਗਰਾਮ ਦੇ ਯੁੱਗ ਵਿਚ ਆਪਣੇ ਜੀਵਨ ਨੂੰ ਆਹੂਤੀ ਦੇ ਰੂਪ ਵਿਚ ਅਰਪਣ ਕੀਤਾ ਹੈ। ਗ਼ੁਲਾਮੀ ਦੀ ਕਾਲੀ-ਬੋਲੀ ਰਾਤ ਨੂੰ ਚੀਰ ਕੇ ਸੁਤੰਤਰਤਾ ਦਾ ਜੋ ਸੂਰਜ ਅਕਾਸ਼ ਵਿਚ ਨਿਕਲਿਆ ਉਸ ਦੇ ਚਾਨਣ ਨਾਲ ਜੀਵਨ ਫੁੱਲ ਵਾਂਗ ਖਿੜ ਉੱਠਿਆ। 26 ਜਨਵਰੀ, 1950 ਦਾ ਦਿਨ ਉਹ ਇਤਿਹਾਸਕ ਦਿਨ ਹੈ, ਜਦੋਂ ਸਾਡੇ ਦੇਸ ਵਿਚ ਆਪਣਾ ਸੰਵਿਧਾਨ ਲਾਗੂ ਹੋਇਆ। ਇਸ ਤਰ੍ਹਾਂ ਜਨਵਰੀ, 1950 ਨੂੰ ਭਾਰਤ ਸੰਪੂਰਨ ਪ੍ਰਭੁਤਵ- ਸਪੰਨ ਦੇਸ ਐਲਾਨ ਕਰ ਦਿੱਤਾ ਗਿਆ। ਤਦ ਦੇਸ ਦਾ ਸ਼ਾਸਨ ਪੂਰਨ ਰੂਪ ਨਾਲ ਦੇਸ-ਵਾਸੀਆਂ ਦੇ ਹੱਥ ਵਿਚ ਆ ਗਿਆ।

ਮਹੱਤਵ— ਭਾਰਤ ਦੇ ਰਾਸ਼ਟਰੀ ਪੁਰਬਾਂ ਵਿਚੋਂ 26 ਜਨਵਰੀ ਦਾ ਵਿਸ਼ੇਸ਼ ਮਹੱਤਵ ਹੈ। ਅਜ਼ਾਦੀ ਪ੍ਰਾਪਤੀ ਤੋਂ ਪਹਿਲਾਂ ਅਸੀਂ ਇਸ ਦਿਨ ਅਜ਼ਾਦ ਹੋਣ ਦੀ ਪ੍ਰਤਿਗਿਆ ਦੇ ਪ੍ਰਣ ਨੂੰ ਦੁਹਰਾਉਂਦੇ ਸਾਂ ਪਰ ਹੁਣ ਅਜ਼ਾਦੀ ਪ੍ਰਾਪਤੀ ਪਿੱਛੋਂ ਅਸੀਂ ਇਸ ਦਿਨ ਭਾਰਤ ਦੀ ਪ੍ਰਗਤੀ ਉੱਤੇ ਝਾਤ ਪਾਉਂਦੇ ਹਾਂ ਜਿਹੜੀ ਅਸੀਂ ਪਿੱਛਲੇ ਸਾਲ ਕੀਤੀ ਹੁੰਦੀ ਹੈ।

ਮਨਾਉਣ ਦਾ ਕਾਰਨ— ਭਾਰਤ ਦੀ ਅਜ਼ਾਦੀ ਪ੍ਰਾਪਤੀ ਦਾ ਇਤਿਹਾਸ ਬਹੁਤ ਲੰਮਾ ਹੈ। ਛੱਬੀ ਜਨਵਰੀ ਦਾ ਦਿਨ ਇਸ ਸੰਘਰਸ਼ ਨੂੰ ਨਵਾਂ ਮੋੜ ਦੇਣ ਵਾਲਾ ਹੈ। ਅੱਜ ਤੋਂ ਲੱਗਭਗ 70 ਸਾਲ ਪਹਿਲਾਂ 1929 ਤੀਕ ਸਾਡੇ ਨੇਤਾ ਉਪਨੇਸ਼ਵਾਦ ਸਵਰਾਜ ਦੀ ਮੰਗ ਕਰਦੇ ਸਨ, ਪਰ 26 ਜਨਵਰੀ 1929 ਨੂੰ ਸਵਰਗੀ ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਨੇ ਰਾਵੀ ਦਰਿਆ ਦੇ ਕੰਢੇ ਲਾਹੌਰ ਵਿਖੇ ਕਾਂਗਰਸ ਦਾ ਝੰਡਾ ਲਹਿਰਾਉਂਦਿਆਂ ਇਹ ਪ੍ਰਣ ਲਿਆ ਸੀ ਕਿ ਅਸੀਂ ਆਪਣੇ ਦੇਸ ਨੂੰ ਪੂਰੀ ਅਜ਼ਾਦੀ ਦੁਆਵਾਂਗੇ ਅਤੇ ਭਾਰਤ ਦੀ ਪਵਿੱਤਰ ਧਰਤੀ ਤੋਂ ਅੰਗਰੇਜ਼ਾਂ ਸਦਾ ਲਈ ਹੀ ਕੱਢ ਕੇ ਦਮ ਲਵਾਂਗੇ। ਇਸ ਐਲਾਨ ਤੋਂ ਮਗਰੋਂ ਰਾਸ਼ਟਰੀ ਅੰਦੋਲਨ ਨੂੰ ਇਕ ਨਵਾਂ ਜੀਵਨ ਮਿਲਿਆ ਅਤੇ ਸੰਘਰਸ਼ ਹੋਰ ਤੇਜ਼ ਹੋ ਗਿਆ। ਇਸ ਅਜ਼ਾਦੀ ਦੇ ਦਿਨ ਦੀ ਪ੍ਰਾਪਤੀ ਦੀ ਖ਼ਾਤਰ ਹੀ ਅਣਗਿਣਤ ਮਾਂਵਾਂ ਦੇ ਪੁੱਤਰਾਂ ਨੇ ਫ਼ਾਸੀ ਦੇ ਰੱਸਿਆਂ ਨੂੰ ਚੁੰਮਿਆ, ਹਜ਼ਾਰਾਂ ਲੋਕ ਜੇਲ੍ਹਾਂ ਵਿਚ ਗਏ, ਕਈ ਜੁਆਨੀ ਵਿਚ ਜੇਲ੍ਹ ਵਿਚ ਗਏ ਅਤੇ ਬਾਬੇ ਬਣ ਕੇ ਬਾਹਰ ਆਏ। ਕਈਆਂ ਨੇ ਲਾਠੀਆਂ ਅਤੇ ਗੋਲੀਆਂ ਖਾਧੀਆਂ ਅਤੇ ਹੋਰ ਕਈ ਤਰ੍ਹਾਂ ਦੇ ਕਸ਼ਟ ਤੇ ਤਸੀਹੇ ਸਹਿਣ ਕੀਤੇ। ਹਰ ਸਾਲ ਪ੍ਰਣ ਦੁਹਰਾਉਂਦੇ, ਆਖਿਰ 15 ਅਗਸਤ 1947 ਨੂੰ ਇਹ ਸੁਪਨਾ ਸਕਾਰ ਹੋ ਗਿਆ ਅਤੇ ਭਾਰਤ ਅੰਗਰੇਜ਼ੀ ਸਾਮਰਾਜ ਦੇ ਪੰਜੇ ਤੋਂ ਅਜ਼ਾਦ ਹੋ ਗਿਆ।

ਗਣਤੰਤਰ ਦਿਵਸ— ਦੇਸ ਦੀ ਅਜ਼ਾਦੀ ਤੋਂ ਬਾਅਦ ਪ੍ਰਬੰਧਕੀ ਢਾਂਚੇ ਨੂੰ ਠੀਕ ਢੰਗ ਨਾਲ ਚਲਾਉਣ ਲਈ ਸੰਵਿਧਾਨ ਬਣਾਉਣ ਦੀ ਲੋੜ ਪਈ। ਭਾਰਤ ਦੀ ਸੰਵਿਧਾਨਕ ਸਭਾ ਜਿਸਦੀ ਚੋਣ 1946 ਵਿਚ ਹੋ ਚੁੱਕੀ ਸੀ, ਨੇ 26 ਜਨਵਰੀ, 1949 ਈ: ਨੂੰ 2 ਸਾਲ 11 ਮਹੀਨੇ 18 ਦਿਨ ਦੀ ਮਿਹਨਤ ਅਤੇ ਲੰਮੀ ਸੋਚ ਵਿਚਾਰ ਦੇ ਬਾਅਦ ਭਾਰਤ ਦਾ ਸੰਵਿਧਾਨ ਤਿਆਰ ਕਰ ਲਿਆ ਪਰ ਇਸਨੂੰ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ, ਕਿਉਂਕਿ 26 ਜਨਵਰੀ 1929 ਨੂੰ ਭਾਰਤ ਵਾਸੀਆਂ ਨੇ ਪੂਰਨ ਅਜ਼ਾਦੀ ਦਾ ਪ੍ਰਣ ਲਿਆ ਸੀ। ਸੋ 26 ਜਨਵਰੀ, 1950 ਨੂੰ ਭਾਰਤ ਪੂਰਨ ਰੂਪ ਵਿਚ ਗਣਤੰਤਰ ਬਣਿਆ ਅਤੇ ਭਾਰਤ ਦਾ ਰਾਸ਼ਟਰਪਤੀ ਸੰਵਿਧਾਨਕ ਮੁਖੀਆ ਬਣਿਆ।

ਸਮਾਗਮ ਤੇ ਰੋਣਕਾਂ— ਇਸ ਤਰ੍ਹਾਂ 26 ਜਨਵਰੀ ਦਾ ਦਿਨ ਭਾਰਤੀ ਲੋਕਾਂ ਲਈ ਬਹੁਤ ਹੀ ਮਹਾਨਤਾ ਭਰਿਆ ਦਿਨ ਹੈ। ਹਰ ਸਾਲ ਸਾਰੇ ਭਾਰਤੀ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਜੀ ਰੇਡਿਓ ਤੇ ਕੌਮ ਦੇ ਨਾਂ ਆਪਣਾ ਸੁਨੇਹਾ ਪ੍ਰਸਾਰਿਤ ਕਰਦੇ ਹਨ। ਇਸ ਦਿਨ ਸਵੇਰੇ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਜੀ ਵਿਜੇ ਚੌਂਕ ਵਿਖੇ ਝੰਡਾ ਲਹਿਰਾਉਣ ਮਗਰੋਂ ਤਿੰਨਾਂ ਫ਼ੌਜਾਂ ਦੇ ਯੂਨਿਟਾਂ ਤੋਂ ਸਲਾਮੀ ਲੈਂਦੇ ਹਨ।ਇਸ ਸਮੇਂ ਦੇਸ ਦੀ ਫ਼ੌਜੀ ਸ਼ਕਤੀ, ਵਿਗਿਆਨਿਕ ਤੇ ਸਨਅਤੀ ਖੇਤਰਾਂ ਵਿਚ ਤਰੱਕੀ ਦਾ ਭਾਰੀ ਪ੍ਰਦਸ਼ਨ ਕੀਤਾ ਜਾਂਦਾ ਹੈ। ਲੋਕ ਦੂਰੋਂ-ਦੂਰੋਂ ਦਿੱਲੀ ਵਿਚ 26 ਜਨਵਰੀ ਦੀਆਂ ਰੌਣਕਾਂ ਦੇਖਣ ਆਉਂਦੇ ਹਨ। ਇਸ ਸਮੇਂ ਫੌਜ, ਪੁਲਿਸ, ਸਕੂਲਾਂ, ਕਾਲਜਾਂ ਦੇ ਮੁੰਡਿਆਂ-ਕੁੜੀਆਂ ਅਤੇ ਸਕਾਊਟਾਂ ਵੱਲੋਂ ਸਾਰੇ ਸ਼ਹਿਰ ਵਿਚ ਜਲੂਸ ਕੱਢਿਆ ਜਾਂਦਾ ਹੈ।

ਥਾਂ-ਥਾਂ ਸਮਾਗਮ ਅਤੇ ਜਲੂਸ— ਇਸ ਤੋਂ ਬਿਨਾਂ ਦੇਸ਼ ਦੇ ਹੋਰ ਵੱਡੇ-ਵੱਡੇ ਸ਼ਹਿਰਾਂ ਤੇ ਪ੍ਰਦੇਸਾਂ ਦੀਆਂ ਰਾਜਧਾਨੀਆਂ ਵਿਚ ਮੁੱਖ ਮੰਤਰੀ, ਮੰਤਰੀ ਕੇ ਸਰਕਾਰੀ ਅਫ਼ਸਰ ਝੰਡਾ ਲਹਿਰਾਉਣ ਦੀਆਂ ਰਸਮਾਂ ਅਦਾ ਕਰਦੇ ਹਨ। ਇਸ ਸਮੇਂ ਜਹਾਜ਼ ਫੁੱਲਾਂ ਦੀ ਵਰਖਾ ਕਰਦੇ ਹਨ। ਇਨ੍ਹਾਂ ਸਮਾਗਮਾਂ ਵਿਚ ਲੋਕ ਬੜੇ ਉਤਸ਼ਾਹ ਨਾਲ ਪੁੱਜਦੇ ਹਨ। ਇਸ ਸਮੇਂ ਵਜ਼ੀਰਾਂ, ਸਰਕਾਰੀ ਅਫ਼ਸਰਾਂ ਤੇ ਹੋਰਨਾਂ ਲੀਡਰਾਂ ਦੇ ਭਾਸ਼ਨ ਵੀ ਹੁੰਦੇ ਹਨ, ਜੋ ਜਨਤਾ ਨੂੰ ਇਸ ਦੀ ਮਹਾਨਤਾ ਤੋਂ ਜਾਣੂ ਕਰਾ ਕੇ ਉਨ੍ਹਾਂ ਵਿਚ ਦੇਸ਼-ਭਗਤੀ ਤੇ ਲੋਕ-ਰਾਜ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ। ਇਸ ਦਿਨ ਸ਼ਹਿਰਾਂ ਵਿਚ ਵੱਡੇ-ਵੱਡੇ ਜਲੂਸ ਵੀ ਕੱਢੇ ਜਾਂਦੇ ਹਨ।

ਸਾਰਾਂਸ਼— ਸਹੀ ਅਰਥਾਂ ਵਿਚ ਅਸੀਂ ਲੋਕਤੰਤਰ ਦੇ ਨਾਗਰਿਕ ਤਾਂ ਹੀ ਬਣ ਸਕਾਂਗੇ, ਜਦ ਅਸੀਂ ਦੇਸ ਅਤੇ ਸਮਾਜ ਦੇ ਵੱਲ ਆਪਣੇ ਕਰਤੱਵ ਦੀ ਪਛਾਣ ਕਰ ਸਕਾਂਗੇ।

“ਕਰਨਾ ਹੈ ਅਸੀਂ ਨਵ ਭਾਰਤ ਦਾ ਨਿਰਮਾਣ।

ਅਸੀਂ ਆਪਣੀ ਮਾਤ ਭੂਮੀ ਦੀ ਉੱਚੀ ਰੱਖਣੀ ਸ਼ਾਨ

Leave a Reply