Punjabi Essay on “ਸੁਤੰਤਰਤਾ ਦਿਵਸ – 15 ਅਗਸਤ ”, “ Independence Day” Punjabi Essay, Paragraph, Speech for Class 8, 9, 10, 12 Students Examination.

ਸੁਤੰਤਰਤਾ ਦਿਵਸ – 15 ਅਗਸਤ 

ਜਿਸਦੇ ਦਿਲ ਵਿਚ ਵਤਨ ਦਾ ਪਿਆਰ ਹੀ ਨਹੀਂ।

ਮੈਂ ਤਾਂ ਕਹਾਂਗਾ ਉਹ ਇਨਸਾਨ ਹੀ ਨਹੀਂ।”

ਭੂਮਿਕਾ- ਭਾਰਤ ਵਿਚ 15 ਅਗਸਤ ਦੇ ਦਿਨ ਨੂੰ ਬੜੀ ਮਹੱਤਾ ਦਿੱਤੀ ਜਾਂਦੀ ਹੈ। ਇਹ ਦਿਨ ਹਰ ਸਾਲ ਦੇਸ ਵਿਚ ਬੜੀ ਧੂਮਧਾਮ ਨਾਲ ਅਤੇ ਸੱਜ-ਧੱਜ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਮਾਤਾ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਤੋਂ ਛੁਟਕਾਰਾ ਦਿਵਾਇਆ ਗਿਆ ਸੀ। ਇਹ ਦਿਨ ਹਰ ਸਾਲ ਸਾਡੀ ਅਜ਼ਾਦੀ ਨੂੰ ਦੁਹਰਾਉਂਦਾ ਹੈ।

ਮਨੁੱਖ ਅਜ਼ਾਦੀ ਦਾ ਚਾਹਵਾਨ- ਕੋਈ ਵੀ ਮਨੁੱਖ ਗ਼ੁਲਾਮ ਨਹੀਂ ਰਹਿਣਾ ਚਾਹੁੰਦਾ ਅਤੇ ਹਰ ਇਕ ਮਨੁੱਖ ਆਜ਼ਾਦ ਰਹਿਣ ਦਾ ਚਾਹਵਾਨ ਹੈ, ਪਰ ਮਨੁੱਖ ਨਿੱਜੀ ਅਜ਼ਾਦੀ ਦਾ ਅਨੰਦ ਤਾਂ ਹੀ ਮਾਣ ਸਕਦਾ ਹੈ ਜੇਕਰ ਉਹ ਅਜ਼ਾਦ ਦੇਸ ਦਾ ਵਾਸੀ ਹੋਵੇ, ਦੂਜੇ ਦੇ ਅਧੀਨ ਵਿਅਕਤੀ ਨੂੰ ਸੁਫ਼ਨੇ ਵਿਚ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ। ਇਸੇ ਲਈ ਕਿਸੇ ਨੇ ਠੀਕ ਹੀ ਆਖਿਆ ਹੈ।

ਪ੍ਰਾਧੀਨ ਸੁਪਨੇ ਸੁੱਖ ਨਾਹੀਂ”

ਅਜ਼ਾਦੀ ਦਾ ਇਤਿਹਾਸ- ਸੱਤ ਸੌ ਵਰ੍ਹਿਆਂ ਤੋਂ ਵੱਧ ਸਮੇਂ ਤੱਕ ਜ਼ਾਲਮ ਮੁਗ਼ਲ ਸ਼ਾਸਕਾਂ ਨੇ ਆਪਣੇ ਬਲ ਅਤੇ ਅੱਤਿਆਚਾਰਾਂ ਰਾਹੀਂ ਆਪਣਾ ਰਾਜ ਜਾਰੀ ਰੱਖਿਆ। ਲਗਭਗ ਦੋ ਸੌ ਵਰ੍ਹਿਆਂ ਤੱਕ ਵਪਾਰੀ ਬਣ ਕੇ ਆਏ ਵਿਦੇਸੀ ਅੰਗਰੇਜ਼ਾਂ ਨੇ ਬਹੁਤ ਹੀ ਚਲਾਕੀ ਨਾਲ ਭਾਰਤੀਆਂ ਦੀ ਆਪਸੀ ਫੁੱਟ ਦਾ ਲਾਭ ਉਠਾਉਂਦੇ ਹੋਏ ਇਸ ਤੇ ਰਾਜ ਕੀਤਾ। ਇਸ ਦੌਰਾਨ ਮਾਤ ਭੂਮੀ ਦੀ ਸੁਤੰਤਰਤਾ ਦੇ ਲਈ ਕੁਰਬਾਨੀ ਦੇਣ ਦੀ ਭਾਵਨਾ ਵੀ ਜਾਗਦੀ ਰਹੀ। ਅਣਗਿਣਤ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਵਾਰੀਆਂ। ਆਪਣਾ ਸਰਬੰਸ ਨਸ਼ਟ ਕਰ ਦਿੱਤਾ। ਫ਼ਾਂਸੀਆਂ ਦੇ ਤਖਤੇ ਤੇ ਚੜ੍ਹੇ ਅਤੇ ਆਪਣੀਆਂ ਜਵਾਨੀਆਂ ਜੇਲ੍ਹਾਂ ਦੀਆਂ ਸੀਖਾਂ ਓਹਲੇ ਹੀ ਬਿਤਾ ਦਿੱਤੀਆਂ। ਸੁਤੰਤਰਤਾ ਦੀ ਇਸ ਭਾਵਨਾ ਦੇ ਕਾਰਨ ਭਾਰਤ ਦੇ ਕੋਨੇ-ਕੋਨੇ ਤੋਂ ਵਿਦਰੋਹ ਉੱਠਿਆ ਅਤੇ ਅੰਗਰੇਜ਼ਾਂ ਨੇ ਬੁਖਲਾ ਕੇ ਦੇਸ ਭਗਤਾਂ ਨੂੰ ਕੁਚਲਨ ਦੀ ਪੂਰੀ ਕੋਸ਼ਿਸ਼ ਕੀਤੀ, ਪਰੰਤੂ ਸੁਤੰਤਰਤਾ ਦੀ ਮੰਗ ਰੁਕੀ ਨਹੀਂ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅੰਗਰੇਜ਼ਾਂ ਦੀ ਸ਼ਕਤੀ ਬਹੁਤ ਕਮਜ਼ੋਰ ਹੋਈ ਅਤੇ ਦੂਜੇ ਪਾਸੇ ਭਾਰਤ ਦੀ ਲਲਕਾਰ ਜ਼ੋਰਦਾਰ ਹੁੰਗਾਰਾ ਭਰ ਰਹੀ ਸੀ। ਸਿੱਟੇ ਵਜੋਂ ਕਲੇਮੈਂਟ ਐਟਲੀ ਨੇ ਭਾਰਤ ਨੂੰ ਸੁਤੰਤਰ ਕਰਨ ਦਾ ਫ਼ੈਸਲਾ ਕੀਤਾ, ਪਰੰਤੂ ਅੰਗਰੇਜ਼ ਕੂਟਨੀਤੀ ਤੋਂ ਬਾਜ਼ ਨਹੀਂ ਆਏ ਅਤੇ ਉਹਨਾਂ ਨੇ ਭਾਰਤ ਦੀ ਵੰਡ ਕਰਨ ਦੀ ਚਾਲ ਚਲੀ। ਇਸ ਦਾ ਮੰਤਵ ਸੀ ਕਿ ਦੇਸ ਦੇ ਅੰਦਰ ਫ਼ਸਾਦ ਹੋਣ ਅਤੇ ਉਹ ਇਸ ਫੁੱਟ ਤੋਂ ਲਾਭ ਉਠਾਉਂਦੇ ਹੋਏ ਭਾਰਤ ਨੂੰ ਹਮੇਸ਼ਾ ਗ਼ੁਲਾਮ ਬਣਾਈ ਰੱਖਣ। ਆਖਿਰ ਅੰਗਰੇਜ਼ ਸੁਤੰਤਰਤਾ ਨੂੰ ਰੋਕਣ ਵਿਚ ਅਸਫ਼ਲ ਰਹੇ, ਪਰੰਤੂ ਜਾਂਦੇ-ਜਾਂਦੇ ਦੇਸ ਦੇ ਦੋ ਟੁੱਕੜੇ ਕਰ ਗਏ।

ਇਕ ਸੁਨਹਿਰੀ ਦਿਨ— 15 ਅਗਸਤ ਸੰਨ 1947 ਦਾ ਦਿਨ ਭਾਰਤ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ। ਇਸੇ ਦਿਨ ਸਾਡੇ ਪ੍ਰਾਚੀਨ ਗੌਰਵ ਦੀ ਦੁਬਾਰਾ ਸਥਾਪਨਾ ਹੋਈ। ਦੇਸ ਵਿਚ ਆਪਣੀ ਸਰਕਾਰ ਬਣੀ। ਆਪਣਾ ਝੰਡਾ ਲਾਲ ਕਿਲ੍ਹੇ ਤੋਂ ਲਹਿਰਾਇਆ ਗਿਆ। ਪ੍ਰਧਾਨ ਮੰਤਰੀ ਦੇ ਰੂਪ ਵਿਚ ਪੰਡਤ ਜਵਾਹਰ ਲਾਲ ਨਹਿਰੂ ਨੇ ਦੇਸ ਦੀ ਰਾਜਧਾਨੀ ਦਿੱਲੀ ਵਿਚ ਇੰਡੀਆ ਗੇਟ ਤੋਂ ਦੇਸ ਦੀ ਅਜ਼ਾਦੀ ਦੇ ਵੱਡੇ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਜਦ ਕਿਹਾ,‘ਹੁਣ ਅਸੀਂ ਅਜ਼ਾਦ ਹਾਂ ਅਤੇ ਅਜ਼ਾਦੀ ਨੂੰ ਹਮੇਸ਼ਾ ਕਾਇਮ ਰੱਖਾਂਗੇ।” ਉਸ ਵੇਲੇ ਸਾਰਾ ਆਕਾਸ਼ ਪ੍ਰਸੰਨਤਾ ਅਤੇ ਖੇੜਿਆਂ ਦਾ ਨਾਅਰਿਆਂ ਨਾਲ ਗੂੰਜ ਉੱਠਿਆ। ਰਾਸ਼ਟਰੀ ਦਿਨ ਰਾਸ਼ਟਰ ਦੀ ਚੇਤਨਾ ਅਤੇ ਉੱਨਤੀ ਵੱਲ ਵੱਧਣ ਦੀ ਰਾਸ਼ਟਰੀ ਦਿਨ ਬਣ ਗਿਆ। ਉਦੋਂ ਤੋਂ ਅਸੀਂ ਹਰ ਸਾਲ ਇਸ ਨੂੰ ਸਾਰੇ ਦੇਸ ਵਿਚ ਬਹੁਤ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਾਂ।

ਕਿਵੇਂ ਮਨਾਉਂਦੇ ਹਨ— ਪੰਦਰਾਂ ਅਗਸਤ ਦਾ ਦਿਨ ਸਾਰੇ ਭਾਰਤ ਦੇ ਸ਼ਹਿਰਾਂ, ਨਗਰਾਂ ਅਤੇ ਕਸਬਿਆਂ ਵਿਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੇਸ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਤੋਂ ਰਾਸ਼ਟਰ ਦੇ ਨਾਂ ਸੰਦੇਸ਼ ਦਿੰਦੇ ਹਨ। ਫ਼ੌਜ਼ਾਂ ਵੱਲੋਂ ਕਰਤਬ ਦਿਖਾਏ ਜਾਂਦੇ ਹਨ। ਲੱਖਾਂ ਦੀ ਗਿਣਤੀ ਵਿਚ ਲੋਕ ਦਿੱਲੀ ਵਿਚ ਲਾਲ ਕਿਲ੍ਹੇ ਦੇ ਮੈਦਾਨ ਵਿਚ ਜਮ੍ਹਾਂ ਹੁੰਦੇ ਹਨ ਅਤੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਦੇਖਦੇ ਹਨ। ਇਸ ਮੌਕੇ ਤੇ ਸਰਕਾਰੀ ਦਫ਼ਤਰਾਂ, ਕਾਰਖਾਨਿਆਂ, ਸਿਖਿਆ ਸੰਸਥਾਵਾਂ ਤੇ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ। ਦੇਸ ਭਗਤੀ ਦੇ ਗੀਤ ਗਾਏ ਜਾਂਦੇ ਹਨ, ਲੀਡਰ ਲੋਕ ਜਨ-ਸਭਾਵਾਂ ਨੂੰ ਆਪਣੇ ਭਾਸ਼ਣਾਂ ਦੁਆਰਾ ਕਰੱਤਵ ਨੂੰ ਚੇਤੇ ਕਰਵਾਉਂਦੇ ਹਨ। ਜਨਤਾ ਸਹੁੰ ਚੁਕਦੀ ਹੈ ਕਿ ਉਹ ਦੇਸ ਦੀ ਖਾਤਰ ਜੀਵੇਗੀ ਅਤੇ ਮਰੇਗੀ।

ਪੰਦਰਾਂ ਅਗਸਤ ਪ੍ਰਤੀ ਸਾਡੇ ਫ਼ਰਜ਼- ਸਾਡਾ ਦੇਸ ਅਜ਼ਾਦ ਹੋਏ ਨੂੰ 61 ਸਾਲ ਬੀਤ ਚੁੱਕੇ ਹਨ ਪਰ ਅਸੀਂ ਹਾਲੇ ਵੀ ਗਰੀਬੀ, ਭ੍ਰਿਸ਼ਟਾਚਾਰ, ਚੋਰ ਬਜ਼ਾਰੀ, ਫਿਰਕਾ ਪ੍ਰਸਤੀ, ਪਛੜੇਪਨ, ਨੈਤਿਕ ਚਰਿਤਰਹੀਣਤਾ ਅਤੇ ਰਾਜਸੀ ਕੂਟਨੀਤੀ ਦੀ ਗ਼ੁਲਾਮੀ ਦੀ ਜਿਲ੍ਹਣ ਵਿਚੋਂ ਨਹੀਂ ਨਿਕਲ ਸਕੇ। ਸਾਡਾ ਦੇਸ ਅਜਿਹੀਆਂ ਲਾਹਨਤਾਂ ਦਾ ਬੁਰੀ ਤਰ੍ਹਾਂ ਸ਼ਿਕਾਰ ਬਣਿਆ ਹੋਇਆ ਹੈ। ਅਸੀਂ ਅਸਲੀ ਆਜ਼ਾਦੀ ਦਾ ਅਨੰਦ ਤਾਂ ਹੀ ਮਾਣ ਸਕਦੇ ਹਾਂ ਜੇਕਰ ਅਸੀਂ ਇਨ੍ਹਾਂ ਬੁਰਾਈਆਂ ਤੋਂ ਛੁਟਕਾਰਾ ਪਾ ਲਈਏ, ਤਾਂ ਸਾਡੇ ਦੇਸ ਭਗਤਾਂ ਦੀਆਂ ਦਿੱਤੀਆਂ ਕੁਰਬਾਨੀਆਂ ਸਾਰਥਕ ਹੋਣਗੀਆਂ। ਸਾਨੂੰ ਦੇਸ ਦੀ ਅਜ਼ਾਦੀ ਕਾਇਮ ਰੱਖਣ ਲਈ ਆਪਣਾ ਤਨ, ਮਨ ਅਤੇ ਧਨ ਕੁਰਬਾਨ ਕਰਨ ਲਈ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ।

ਸਾਰਾਂਸ਼— ਸੁਤੰਤਰਤਾ ਇਕ ਬਹੁਮੁੱਲੀ ਵਸਤੂ ਹੈ। 15 ਅਗਸਤ ਦਾ ਦਿਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜਿਸ ਤਰ੍ਹਾਂ ਦੇਸ-ਭਗਤਾਂ ਨੇ ਦੇਸ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ, ਇਸੇ ਤਰ੍ਹਾਂ ਸਾਨੂੰ ਵੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਆਪਣਾ ਤਨ, ਮਨ ਤੇ ਧਨ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

Leave a Reply