Punjabi Essay on “ਮੇਰਾ ਮਨ ਭਾਉਂਦਾ ਨੇਤਾ”, “My Favourite Leader” Punjabi Essay, Paragraph, Speech for Class 8, 9, 10, 12 Students Examination.

ਮੇਰਾ ਮਨ ਭਾਉਂਦਾ ਨੇਤਾ

 

ਤੂ ਏਕ ਫੂਲ ਥਾ ਤੇਰੇ ਜਲਵੇ ਹਜ਼ਾਰ ਥੇ,

ਤੂ ਏਕ ਸਾਜ਼ ਥਾ ਤੇਰੇ ਨਗਮੇਂ ਹਜ਼ਾਰ ਥੇ।”

ਭੂਮਿਕਾ- ‘ਸੁਤੰਤਰਤਾ’ ਮਨੁੱਖੀ ਮਨ ਦੀ ਇਕ ਅਜਿਹੀ ਮਹਾਨ ਲਾਲਸਾ ਹੈ, ਜਿਸ ਦੇ ਸਾਹਮਣੇ ਐਸ਼ੋ-ਅਰਾਮ ਵੀ ਫਿੱਕੇ ਪੈ ਜਾਂਦੇ ਹਨ। ਜਦੋਂ ਮਨੁੱਖ ਦੇ ਮਨ ਵਿਚ ਅਜ਼ਾਦ ਹੋਣ ਦਾ ਸੰਕਲਪ ਜਾਗਦਾ ਹੈ, ਤਦੋਂ ਉਹ ਸਾਰੇ ਸੰਸਾਰਕ ਬੰਧਨਾਂ—ਇੱਥੋਂ ਤੱਕ ਕਿ ਸਰੀਰ ਦੇ ਮੋਹ ਨੂੰ ਵੀ ਤਿਆਗ ਕੇ ਸੁਤੰਤਰਤਾ ਪ੍ਰਾਪਤੀ ਦੇ ਰਾਹ ਤੇ ਤੁਰ ਪੈਂਦਾ ਹੈ। ਫਿਰ ਭਾਵੇਂ ਉਸ ਨੂੰ ਇਸ ਦੇ ਬਦਲੇ ਆਪਣਾ ਆਪ ਹੀ ਕਿਉਂ ਨਾ ਵਾਰਨਾ ਪਵੇ। ਦੇਸ ਦੀ ਅਜ਼ਾਦੀ ਲਈ ਆਪਣੇ ਆਪ ਨੂੰ ਔਕੜਾਂ ਦੀ ਭੱਠੀ ਵਿਚ ਝੋਕਣ ਵਾਲੇ ਮਹਾਪੁਰਖਾਂ ਵਿਚ ਸ੍ਰੀ ਜਵਾਹਰ ਲਾਲ ਦਾ ਨਾਂ ਵਰਨਣਯੋਗ ਹੈ। ਜਿਸ ਮਹਾਂਪੁਰਖ ਦਾ ਬਚਪਨ ਪਹਿਲਾਂ ਦੌਲਤ ਅਤੇ ਸੁੱਖ ਅਰਾਮ ਵਿਚ ਬੀਤਿਆ, ਜਿਸ ਨੂੰ ਯੂਰਪੀ ਵਾਤਾਵਰਨ ਵਿਚ ਸਿੱਖਿਆ ਪ੍ਰਾਪਤ ਹੋਈ, ਜਿਸ ਨੇ ਵਕਾਲਤ ਦੇ ਖੇਤਰ ਵਿਚ ਲਾਸਾਨੀ ਸਫ਼ਲਤਾ ਪ੍ਰਾਪਤ ਕੀਤੀ, ਉਸੇ ਜਵਾਹਰ ਲਾਲ ਨੇ ਆਪਣੇ ਦੇਸ ਦੀ ਸੁਤੰਤਰਤਾ ਲਈ ਆਪਣਾ ਸਮੁੱਚਾ ਐਸ਼ੇ-ਅਰਾਮ ਤਿਆਗ ਦਿੱਤਾ।ਆਪ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਆਪ ਜੀ ਨੇ ਦੇਸ਼ ਦੀ ਅਜ਼ਾਦੀ ਲਈ ਅਣਥੱਕ ਸੇਵਾ ਕੀਤੀ। ਆਪ ਭਾਰਤ ਦੀ ਅਜ਼ਾਦੀ ਤੋਂ ਪਿੱਛੋਂ 17 ਸਾਲ ਪ੍ਰਧਾਨ ਮੰਤਰੀ ਦੇ ਰੂਪ ਵਿਚ ਰਹੇ। ਆਪ ਜੀ ਨੂੰ ਸਦਾ ‘ਅਮਨ ਦੂਤ’ ਦੇ ਨਾਂ ਨਾਲ ਯਾਦ ਕੀਤਾ ਜਾਵੇਗਾ। ਬੱਚੇ ਆਪ ਜੀ ਨੂੰ ‘ਚਾਚਾ ਨਹਿਰੂ’ ਦੇ ਨਾਂ ਨਾਲ ਯਾਦ ਕਰਦੇ ਹਨ।

ਜੀਵਨ ਬਾਰੇ ਜਾਣਕਾਰੀ—ਨਹਿਰੂ ਜੀ ਦਾ ਜਨਮ 14 ਨਵੰਬਰ, 1889 ਈ: ਨੂੰ ‘ਅਲਾਹਾਬਾਦ` ਵਿਖੇ ‘ਅਨੰਦ ਭਵਨ’ ਵਿਚ ਹੋਇਆ। ਆਪ ਜੀ ਦੇ ਪਿਤਾ ਮੋਤੀ ਲਾਲ ਨਹਿਰੂ ਆਪਣੇ ਸਮੇਂ ਦੇ ਇਕ ਉੱਘੇ ਵਕੀਲ ਸਨ।ਆਪ ਜੀ ਦੀ ਮਾਤਾ ਦਾ ਨਾਂ ਸ੍ਰੀਮਤੀ ਸਰੂਪ ਰਾਣੀ ਸੀ। ਆਪ ਜੀ ਦਾ ਪਾਲਣ-ਪੋਸ਼ਣ ਰਾਜ ਕੁਮਾਰਾਂ ਵਾਂਗ ਕੀਤਾ ਗਿਆ, ਕਿਉਂਕਿ ਆਪ ਜੀ ਦੇ ਪਿਤਾ ਬੜੇ ਹੀ ਅਮੀਰ ਸਨ। ਆਪ ਜੀ ਦਾ ਬਚਪਨ ਸ਼ਾਹੀ ਠਾਠ-ਬਾਠ ਵਿਚ ਗੁਜ਼ਰਿਆ।

ਵਿਦਿਆ ਪ੍ਰਾਪਤੀ— ਆਪ ਜੀ ਨੇ ਮੁੱਢਲੀ ਵਿਦਿਆ ਘਰ ਵਿਚ ਹੀ ਪ੍ਰਾਪਤ ਕੀਤੀ। ਇਸ ਲਈ ਇਕ ਅੰਗਰੇਜ਼ ਅਧਿਆਪਕ ਦਾ ਪ੍ਰਬੰਧ ਕੀਤਾ ਦਿਆ। ਉੱਚ ਸਿੱਖਿਆ ਲਈ ਆਪ ਜੀ ਨੂੰ ਇੰਗਲੈਂਡ ਭੇਜਿਆ ਗਿਆ। ਉੱਥੇ ਆਪ ਜੀ ਨੇ ਕੈਂਬਰਿਜ ਯੂਨੀਵਰਸਿਟੀ ਵਿਚੋਂ ਬੈਰਿਸਟਰੀ ਪਾਸ ਕੀਤੀ ਅਤੇ 1912 ਵਿਚ ਭਾਰਤ ਪਰਤ ਆਏ। ਆਪ ਜੀ ਨੇ ਭਾਰਤ ਵਿਚ ਵਾਪਸ ਆ ਕੇ ਪ੍ਰੈਕਟਿਸ ਅਰੰਭ ਕਰ ਦਿੱਤੀ, ਪਰ ਆਪ ਜੀ ਦਾ ਮਨ ਵਕਾਲਤ ਵਿਚ ਨਾ ਲੱਗਾ। ਇਸ ਲਈ ਵਕਾਲਤ ਨੂੰ ਲੱਤ ਮਾਰ ਕੇ ਆਪ ਰਾਜਨੀਤੀ ਵਿਚ ਆ ਗਏ। ਆਪ ਜੀ ਦਾ ਵਿਆਹ ਸ੍ਰੀ ਮਤੀ ਕਮਲਾ ਨਾਲ ਹੋਇਆ, ਜਿਸ ਦੀ ਕੁੱਖੋਂ ਆਪ ਜੀ ਦੀ ਇਕਲੌਤੀ ਬੇਟੀ ਇੰਦਰਾ ਦਾ ਜਨਮ ਹੋਇਆ। ਜਿਸ ਨੇ ਪ੍ਰਧਾਨ ਮੰਤਰੀ ਬਣ ਕੇ ਭਾਰਤੀਆਂ ਦੇ ਦਿਲਾਂ ਤੇ ਰਾਜ ਕੀਤਾ।

ਸੁਤੰਤਰਤਾ ਸੰਗਰਾਮ ਵਿਚ ਯੋਗਦਾਨ—1916 ਈ: ਵਿਚ ਆਪ ਜੀ ਦਾ ਸੰਪਰਕ ਰਾਸ਼ਟਰ ਪਿਤਾ ਗਾਂਧੀ ਜੀ ਨਾਲ ਹੋਇਆ ਅਤੇ ਆਪ ਦੇਸ ਸੇਵਾ ਵਿਚ ਜੁੱਟ ਗਏ। 1929 ਵਿਚ ਲਾਹੌਰ ਕਾਂਗਰਸ ਸ਼ੈਸ਼ਨ ਵਿਚ ਆਪ ਜੀ ਨੇ ਪੂਰਨ ਅਜ਼ਾਦੀ ਦੀ ਮੰਗ ਕੀਤੀ ਅਤੇ ਇਸ ਪ੍ਰਣ ਨੂੰ ਪੂਰਾ ਕਰਨ ਲਈ ਆਪ ਜੀ ਨੇ ਬੜੇ ਕਸ਼ਟ। ਆਪ ਜੀ ਨੇ ਕਈ ਵਾਰੀ ਜੇਲ੍ਹ ਯਾਤਰਾ ਕੀਤੀ। ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਆਪ ਦੇਸ ਦੇ ਦੂਜੇ ਨੇਤਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਔਕੜ ਦਾ ਟਾਕਰਾ ਕਰਦੇ ਹੋਏ ਆਪ ਅਜ਼ਾਦੀ ਦੀ ਪ੍ਰਾਪਤੀ ਦੀ ਮੰਜ਼ਲ ਵੱਲ ਕਦਮ ਅਗੇਰੇ ਹੀ ਅਗੇਰੇ ਵਧਾਉਂਦੇ ਗਏ। ਅੰਤ ਆਪ ਜੀ ਦੀਆਂ ਅਣਥੱਕ ਘਾਲਣਾਂ ਅਤੇ ਕੋਸ਼ਿਸ਼ਾਂ ਨਾਲ ਭਾਰਤ 15 ਅਗਸਤ, 1947 ਨੂੰ ਅਜ਼ਾਦ ਹੋਇਆ।

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ— ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਣ ਦਾ ਮਾਣ ਆਪ ਜੀ ਨੂੰ ਪ੍ਰਾਪਤ ਹੋਇਆ। ਆਪ ਭਾਰਤ ਦੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਸਨ।

ਭਾਰਤ ਦੀ ਨਵ-ਉਸਾਰੀ ਲਈ ਯੋਗਦਾਨ–ਆਪ ਜੀ ਨੇ ਆਪਣੇ ਦੇਸ਼ ਹਰ ਪੱਖ ਤੋਂ ਪ੍ਰਫੁੱਲਿਤ ਕਰਨ ਲਈ ਬੜੇ ਯਤਨ ਕੀਤੇ। ਪੰਜ ਸਾਲਾ ਯੋਜਨਾਵਾਂ ਬਣਾ ਕੇ ਆਪ ਜੀ ਨੇ ਇਸ ਦੇਸ ਦਾ ਨਾਂ ਸੰਸਾਰ ਦੇ ਉੱਨਤ ਦੇਸਾਂ ਵਿਚ ਸ਼ਾਮਲ ਕਰ ਦਿੱਤਾ। ਆਪ ਜੀ ਦੇ ਸਮੇਂ ਵਿਚ ਕਾਰਖਾਨਿਆਂ, ਡੈਮਾਂ, ਰੇਲਾਂ ਅਤੇ ਸੜਕਾਂ ਦਾ ਜਾਲ ਵਿਛ ਗਿਆ।

ਹਰਮਨ ਪਿਆਰੇ ਨੇਤਾ– ਆਪ ਜੀ ਨਾ ਕੇਵਲ ਭਾਰਤ ਦੇ ਨੇਤਾ ਸਨ ਸਗੋਂ ਆਪ ਜੀ ਦਾ ਨਾਂ ਸੰਸਾਰ ਵਿਚ ਬੜੇ ਆਦਰ ਨਾਲ ਲਿਆ ਜਾਂਦਾ ਹੈ।ਆਪ ਜਦੋਂ ਵੀ ਵਿਦੇਸ ਯਾਤਰਾ ਲਈ ਜਾਂਦੇ ਤਾਂ ਉੱਥੇ ਦੇ ਲੋਕ ਆਪ ਦੇ ਰਾਹਾਂ ਵਿਚ ਅੱਖਾਂ ਵਿਛਾ ਦਿੰਦੇ। ਆਪ ਦੁਨੀਆਂ ਦੇ ਇਕ ਹਰਮਨ ਪਿਆਰੇ ਨੇਤਾ ਸਨ। ਆਪ ਬੱਚਿਆਂ ਨੂੰ ਬੜਾ ਪਿਆਰ ਕਰਦੇ ਸਨ। ਬੱਚੇ ਆਪ ਜੀ ਨੂੰ ਬੜੇ ਪਿਆਰ ਨਾਲ ‘ਚਾਚਾ ਨਹਿਰੂ’ ਆਖ ਕੇ ਪੁਕਾਰਦੇ ਸਨ।ਆਪ ਜੀ ਦਾ ਜਨਮ ਦਿਨ 14 ਨਵੰਬਰ ਹਰ ਸਾਲ ‘ਬਾਲ ਦਿਵਸ’ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।

 

ਪ੍ਰਭਾਵਸ਼ਾਲੀ ਸ਼ਖਸੀਅਤ– ਆਪ ਜੀ ਦੀ ਸ਼ਖਸੀਅਤ ਦਾ ਜਾਦੂ ਜਿਹਾ ਅਸਰ ਦੁਨੀਆਂ ਦੇ ਵੱਡੇ ਤੋਂ ਵੱਡੇ ਦੇਸਾਂ ਦੇ ਨੇਤਾ ਕਬੂਲਦੇ ਸਨ। ਆਪ ਜੀ ਦੀ ਦਲੀਲ ਅਤੇ ਰਾਏ ਦਾ ਸਾਰੇ ਸੰਸਾਰ ਵਿਚ ਮਾਣ ਕੀਤਾ ਜਾਂਦਾ ਸੀ। ਆਪ ਆਪਣੇ ਗੁਆਂਢੀ ਦੇਸਾਂ ਨਾਲ ਸੱਚਾ ਦੋਸਤਾਨਾ ਸੰਬੰਧ ਰੱਖ ਕੇ ਪ੍ਰਸੰਨ ਹੁੰਦੇ। ਆਪ ਜੀ ਨੇ ਸੰਸਾਰ ਨੂੰ ‘ਪੰਚਸ਼ੀਲ` ਦਾ ਪੈਗਾਮ ਦਿੱਤਾ। ਸਾਰੇ ਸੰਸਾਰ ਨੂੰ ‘ਜੀਓ ਅਤੇ ਜੀਣ ਦਿਓ ਅਤੇ ‘ਅਰਾਮ ਹਰਾਮ ਹੈ’ ਦੇ ਅਮਰ ਸੰਦੇਸ਼ ਦਿੱਤੇ।

ਮਹਾਨ ਲੇਖਕ – ਆਪ ਸੰਸਾਰ ਪ੍ਰਸਿੱਧ ਲਿਖਾਰੀ ਸਨ। ਆਪ ਦੀਆਂ ਉੱਘੀਆਂ ਰਚਨਾਵਾਂ ‘ਭਾਰਤ ਇਕ ਖੋਜ’, ‘ਆਤਮ ਕਥਾ’ ਅਤੇ ‘ਪਿਤਾ ਵੱਲੋਂ ਧੀ ਨੂੰ ਚਿੱਠੀਆਂ’ ਹਨ।

ਦੇਹਾਂਤ– ਆਖਰ 27 ਮਈ, 1964 ਦਾ ਅਜਿਹਾ ਮਨਹੂਸ ਦਿਨ ਆਇਆ ਜਦੋਂ ਕਿ ਭਾਰਤ ਵਾਸੀਆਂ ਪਾਸੋਂ ਉਨ੍ਹਾਂ ਦਾ ਹਰਮਨ ਪਿਆਰਾ ‘ਚਾਚਾ ਨਹਿਰੂ’ ਵਿਛੜ ਗਿਆ।

ਸਾਰਾਂਸ਼- ਜਵਾਹਰ ਲਾਲ ਨਹਿਰੂ ਇਕ ਅਜਿਹੇ ਵਿਅਕਤੀ ਸਨ ਜੋ ਸਦੀਆਂ ਬੀਤ ਜਾਣ ਪਿੱਛੋਂ ਹੀ ਕਦੇ ਕਦਾਈ ਜਨਮ ਧਾਰਦੇ ਹਨ। ਉਨ੍ਹਾਂ ਦੀ ਮੌਤ ‘ਤੇ ਡਾ. ਰਾਧਾ ਕ੍ਰਿਸ਼ਨਨ ਨੇ ਕਿਹਾ ਸੀ, “ਨਹਿਰੂ ਜੀ ਦੀ ਮੌਤ ਨਾਲ ਦੇਸ ਦਾ ਇਕ ਯੁੱਧ ਖ਼ਤਮ ਹੋ ਗਿਆ ਹੈ। ਉਹ ਸਾਡੀ ਪੀੜ੍ਹੀ ਦੇ ਮਹਾਨ ਵਿਅਕਤੀ ਸਨ ਜਿਨ੍ਹਾਂ ਦੀਆਂ ਮਨੁੱਖੀ ਜਾਤੀ ਪ੍ਰਤੀ ਕੀਤੀਆਂ ਸੇਵਾਵਾਂ ਸਦਾ ਯਾਦ ਰਹਿਣਗੀਆਂ।

Leave a Reply