ਚੋਰ ਦੀ ਦਾੜ੍ਹੀ ਵਿਚ ਤਿਣਕਾ
Chor di Dadi Vich Tinka
ਇਕ ਰਾਜੇ ਨੇ ਆਪਣਾ ਜਨਮ-ਦਿਨ ਬੜੀ ਧੂਮ-ਧਾਮ ਨਾਲ ਮਨਾਇਆ। ਦਰ-ਦਰ ਦੀਆਂ ਰਿਆਸਤਾਂ ਦੇ ਮਹਾਰਾਜਿrt ਅਤੇ ਆਪਣੀ ਪਰਜਾ ਦੇ ਪਤਵੰਤਿਆਂ ਨੂੰ ਸੱਦਿਆ। ਛੱਤੀ ਪਦਾਰਥ ਦੇ ਭੋਜਨ ਤਿਆਰ ਕੀਤੇ। ਲੋਕ ਬੜੇ ਚਾਅ ਨਾਲ ਆਏ ॥ ਉਨ੍ਹਾਂ ਰਾਜੇ ਨੂੰ ਜਨਮ-ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਸੁਗਾਤਾਂ ਵੀ ਭੇਟ ਕੀਤੀਆਂ| ਸੁਗਾਤਾਂ ਵਿਚੋਂ ਇੱਕ ਦੁਸ਼ਾਲਾ ਵੀ ਸੀ ਜਿਹੜਾ ਬਹੁਤ ਕੀਮਤੀ ਸੀ। ਹਰ ਇੱਕ ਨੇ ਇਸ ਨੂੰ ਵੇਖ ਕੇ ਸਲਾਹਿਆ ਸੀ।
ਜਨਮ-ਦਿਨ ਜਸ਼ਨ ਦੇ ਖ਼ਤਮ ਹੋਣ ਤੇ ਸਭ ਮਹਿਮਾਨ ਘਰੋ-ਘਰੀ ਚਲੇ ਗਏ । ਰਾਜੇ ਦੇ ਨਿਕਟਵਰਤੀ ਦਰਬਾਰੀਆਂ ਨੇ ਸੁਗਾਤਾਂ ਸਾਂਭਣੀਆਂ ਸਰ ਕੀਤੀਆਂ। ਉਨਾਂ ਨੇ ਰਾਜੇ ਨੂੰ ਦੱਸਿਆ ਕਿ ਕੀਮਤੀ ਦੁਸ਼ਾਲਾ ਕਿਸੇ ਨੇ ਖਿਸਕਾ ਲਿਆ ਹੈ। ਪੁੱਛਗਿੱਛ ਹੋਈ ਪਰ ਗੱਲ ਨਾ ਬਣੀ।
ਰਾਜੇ ਨੇ ਆਪਣੇ ਮੰਤਰੀ ਨਾਲ ਗੱਲਬਾਤ ਕੀਤੀ। ਮੰਤਰੀ ਬਹੁਤ ਸਿਆਣਾ ਤੇ ਤਜਰਬੇਕਾਰ ਸੀ। ਉਸ ਨੇ ਕਿਹਾ ਕਿ ਦੁਸ਼ਾਲਾ ਚੋਰ ਤਾਂ ਪਕੜਿਆ ਜਾਵੇਗਾ ਪਰ ਸਭ ਦਰਬਾਰੀਆਂ ਦੀ ਸਭਾ ਬੁਲਾਉਣੀ ਪਵੇਗੀ। ਰਾਜਾ ਮੰਨ ਗਿਆ।
ਸਭ ਦਰਬਾਰੀਆਂ, ਨੌਕਰਾਂ-ਚਾਕਰਾਂ ਤੇ ਹੋਰ ਦਰਬਾਰ ਵਿਚ ਖੁੱਲੇ ਤੌਰ ‘ਤੇ ਆਉਣ-ਜਾਣ ਵਾਲਿਆਂ ਨੂੰ ਬੁਲਾਇਆ ਗਿਆ। ਮੰਤਰੀ ਨੇ ਕਿਹਾ ਕਿ ਦੁਸ਼ਾਲਾ-ਚੋਰ ਆਪਣੇ ਆਪ ਬਲ ਪਵੇ, ਨਹੀਂ ਤਾਂ ਮੈਂ ਅੰਤਰ-ਧਿਆਨ ਹੋ ਕੇ ਉਸ ਦਾ ਪਤਾ ਲਗਾ ਲਵਾਂਗਾ। ਕੋਈ ਨਾ ਬੋਲਿਆ। ਦਰਬਾਰ ਵਿਚ ਸੱਨਾਟਾ ਛਾ ਗਿਆ।
ਮੰਤਰੀ ਦੋ ਮਿੰਟਾਂ ਲਈ ਅੱਖਾਂ ਬੰਦ ਕਰ ਕੇ ਅੰਤਰ-ਧਿਆਨ ਹੋਇਆ। ਅੱਖਾਂ ਖੋਲ੍ਹ ਕੇ ਉਸ ਦੱਸਿਆ ਕਿ ਮੈਨੂੰ ਚੌਰ ਦਾ ਪਤਾ ਲੱਗ ਗਿਆ ਹੈ। ਉਸ ਨੇ ਕਿਹਾ ਕਿ ਜਦ ਮੈਂ ਇਸ਼ਾਰਾ ਕਰਾਂ, ਸਭ ਨੇ ਅੱਖਾਂ ਬੰਦ ਕਰ ਲੈਣੀਆਂ ਹਨ ਤੇ ਓਦੋਂ ਤੱਕ ਨਹੀਂ ਖੋਣੀਆਂ ਜਦ ਤੱਕ ਮੈਂ ਨਾ ਆਖਾਂ : ਜਿਸ ਦੁਸ਼ਾਲਾ ਚੋਰੀ ਕੀਤਾ ਹੈ, ਉਸ ਦੀ ਦਾੜੀ ਵਿਚ ਤਿਣਕਾ ਦਿਸ ਪਵੇਗਾ।
ਮੰਤਰੀ ਦੇ ਇਸ਼ਾਰੇ ‘ਤੇ ਸਭ ਨੇ ਅੱਖਾਂ ਬੰਦ ਕਰ ਲਈਆਂ ਤੇ ਉਹ ਆਪ ਟਿਕ-ਟਿਕੀ ਲਾ ਕੇ ਸਭ ਵੱਲ ਵੇਖਣ ਲੱਗ ਪਿਆ। ਉਸ ਨੋਟ ਕੀਤਾ ਕਿ ਇੱਕ ਰਸੋਈਆ ਚੋਰ-ਅੱਖਾਂ ਨਾਲ ਉਸ ਵੱਲ ਵੇਖ ਕੇ ਆਪਣੇ ਦਾੜੀ ’ਤੇ ਹੱਥ ਫੇਰ ਰਿਹਾ ਹੈ। ਤਾਂ ਜੁ ਤਿਣਕਾ ਡਿੱਗ ਪਵੇ।
ਮੰਤਰੀ ਨੇ ਸਭ ਨੂੰ ਅੱਖਾਂ ਖੋਣ ਦਾ ਆਦੇਸ਼ ਦਿੰਦਿਆਂ ਕਿਹਾ ਕਿ ਦੁਸ਼ਾਲਾ-ਚੋਰ ਲੱਭ ਲਿਆ ਹੈ। ਉਸ ਰਸੋਈਏ ਨੂੰ ਰਾਜੋ ਸਾਹਮਣੇ ਪੇਸ਼ ਕਰ ਦਿੱਤਾ ਤੇ ਕਿਹਾ ਕਿ ਏਸੇ ਨੇ ਹੀ ਦੁਸ਼ਾਲਾ ਚੁਰਾਇਆ ਹੈ।
ਰਸੋਈਆ ਰਾਜੇ ਦੇ ਪੈਰੀਂ ਪੈ ਕੇ ਜ਼ਾਰ-ਜ਼ਾਰ ਰੋਣ ਲੱਗ ਪਿਆ, ਮੁਆਫ਼ੀਆਂ ਮੰਗਣ ਲੱਗ ਪਿਆ।
ਮੰਤਰੀ ਦੀ ਸਿਫ਼ਾਰਸ਼ ’ਤੇ ਰਾਜੇ ਨੇ ਦੁਸ਼ਾਲਾ-ਚੋਰ ਰਸੋਈਏ ਨੂੰ ਮੁਆਫ਼ ਕਰ ਦਿੱਤਾ ਅਤੇ ਮੰਤਰੀ ਦੀ ਤਨਖ਼ਾਹ ਦੁੱਗਣੀ ਕਰਨ ਦਾ ਐਲਾਨ ਕਰ ਦਿੱਤਾ।